ਪੰਨਾ:ਪੰਜਾਬੀ ਪੱਤਰ ਕਲਾ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਪੱਤਰ ਕਲਾ

ਏਸ਼ੀਆ ਦੇ ਕਿਸੇ ਹਿੱਸੇ ਵਿਚ ਹੋਈ ਘਟਨਾਂ ਦੋ ਚਹੁੰ ਘੰਟਿਆਂ ਵਿਚ ਅਖ਼ਬਾਰ ਵਿਚ ਛਪ ਕੇ ਸਾਡੀ ਮੇਜ਼ ਤੇ ਆ ਟਿਕਦੀ ਹੈ। ਰੇਡੀਓ ਫ਼ੋਟੋ ਨੇ ਦੂਰ ਦੁਰੇਡੇ ਦੀਆਂ ਤਸਵੀਰਾਂ ਦਾ ਵੀ ਇਨੇ ਹੀ ਸਮੇਂ ਵਿਚ ਅਖ਼ਬਾਰਾਂ ਵਿਚ ਛਪ ਜਾਣਾ ਸੰਭਵ ਬਣਾ ਦਿੱਤਾ ਹੈ। ਖ਼ਬਰਾਂ ਨੂੰ ਨਸ਼ਰ ਕਰਨ ਦੇ ਹੁਨਰ ਨੇ ਵਰਤਮਾਨ ਸਮੇ ਵਿਚ ਬੜੀ ਭਾਰੀ ਉੱਨਤੀ ਕੀਤੀ ਹੈ। ਕਿਸੇ ਸਮੇ ਮਨੁੱਖ ਪੈਦਲ ਚਲ ਕੇ ਇਕ ਥਾਂ ਦੀ ਖ਼ਬਰ ਦੂਜੀ ਥਾਂ ਪੂਚਾਉਂਦਾ ਸੀ। ਫਿਰ ਕਬੂਤਰਾਂ ਤੇ ਤੇਜ਼ ਰਫਤਾਰ ਜਾਨਵਰਾਂ ਤੋਂ ਇਹ ਕੰਮ ਲਿਆ ਜਾਣ ਲੱਗਾ। ਹੁਣ ਰੇਲ, ਤਾਰ, ਸਮੁੰਦਰੀ ਤਾਰ ਆਦਿ ਤੋਂ ਲੈ ਕੇ ਵਾਇਰਲੈਸ ਤਾਈਂ ਇਸ ਕੰਮ ਵਿਚ ਸਹਾਇਤਾ ਕਰਦੇ ਹਨ। ਟੈਲੀਪ੍ਰਿਟਰ ਤੇ ਡਾਇਰੈਕਟਰ ਪ੍ਰਿੰਟਰ ਨੇ ਅਖ਼ਬਾਰਾਂ ਲਈ ਹੋਰ ਵੀ ਸੌਖ ਪੈਦਾ ਕਰ ਦਿੱਤੀ ਹੈ। ਕਹਿਣ ਤੇ ਸੁਣਨ ਵਿਚਕਾਰ ਸਮੇਂ ਤੇ ਪੰਧ ਦੀ ਵਿਥ ਮੇਟਣ ਵਿਚ ਮਨੁੱਖ ਪੂਰੀ ਸਫ਼ਲਤਾ ਪਰਾਪਤ ਕਰ ਚੁੱਕਾ ਹੈ।

ਲੋਕ-ਰਾਇ ਦੇ ਆਗੂ ਤੇ ਜਨ-ਸਾਧਾਰਨ ਦੇ ਹੱਕਾਂ ਦੇ ਰਾਖੇ ਹੋਣ ਕਾਰਣ ਅਖ਼ਬਾਰ ਕੌਮਾਂ ਦੇ ਪਹਿਰੇਦਾਰ ਗਿਣੇ ਜਾਂਦੇ ਹਨ। ਅੰਗਰੇਜ਼ੀ ਵਿਚ ਅਖ਼ਬਾਰਾਂ ਨੂੰ ਚੌਥੀ ਮਿਲਖ ਕਹਿ ਕੇ ਸਨਮਾਨਿਆ ਗਿਆ ਹੈ। ਪਹਿਲੋਂ ਬਾਦਸ਼ਾਹ, ਫੇਰ ਧਰਮ ਅਧਿਕਾਰੀ ਤੀਜੇ ਪਾਰਲੀਮੈਂਟ ਤੇ ਚੌਥੇ ਅਖ਼ਬਾਰ। ਇਹ ਕਥਨ ਅਖ਼ਬਾਰਾਂ ਦੀ ਤਾਕਤ ਤੇ ਅਸਰ ਦਾ ਸੂਚਕ ਹੈ। ਬਾਦਸ਼ਾਹ ਤਾਂ ਹੁਣ ਰਾਜ ਦੀ ਵਾਗ ਡੋਰ ਪਰਜਾ ਦੇ ਹੱਥ ਚਲੀ ਜਾਣ ਕਰਕੇ ਕੁਝ ਕਰ ਹੀ ਨਹੀਂ ਸਕਦਾ।ਪਾਰਲੀਮੈਂਟ ਦੇ ਮੈਂਬਰ ਵੀ ਅਖ਼ਬਾਰੀ ਆਵਾਜ਼ ਦੀ ਤਾਕਤ ਦੇ ਕਾਇਲ ਹਨ। ਕਿਸੇ ਜਨਤਕ ਹਕੂਮਤ ਦਾ ਪ੍ਰਧਾਨ ਵੱਧ ਤੋਂ ਵੱਧ ਚਾਰ ਪੰਜ ਸਾਲ ਹਕੂਮਤ ਕਰ ਸਕਦਾ ਹੈ। ਪਰ ਕਿਸੇ ਅਖ਼ਬਾਰ ਦੀ ਹਕੂਮਤ, ਜੇ ਉਹ ਪੱਕੇ ਪੈਰਾਂ ਤੇ ਹੋ ਕੇ ਚੱਲ ਪਵੇ ਤਾਂ, ਸਮੇਂ ਦੇ ਬੰਧਨ ਦੀ ਮੁਥਾਜ ਨਹੀਂ ਹੁੰਦੀ। ਲੋਕਾਂ ਦੇ ਦਿਲ ਤੇ ਦਿਮਾਗ ਸੁਭਾਵਕ ਹੀ ਉਸ ਦੀ ਸਰਦਾਰੀ ਨੂੰ ਕਬੂਲਦੇ ਹਨ।