ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਪਿੱਟਿਆ ਸਾਰੀ ਰਾਤ ਬਾਹਰ ਹੀ ਵਿਤਾ ਦਿੱਤੀ ਜੇ। ਕਿਸੇ ਦੀ ਭੂਆ ਬੋਲੀ ਕੁੜੇ ਚੰਦੀਏ ਕਿੱਥੇ ਖਲੀ ਏਂ ਟੁਰ ਰੋਟੀ ਟੁਕਰ ਖਾਹ॥

ਕੁੜੀਆਂ ਜੋ ਆਪਣੀ ਖੇਡ ਵਿੱਚ ਮੱਤੀਆਂ ਹੋਈਆਂ ਸਨ ਕਿਸੇ ਆਖਿਆ ਆਂਦੀ ਨੇ ਹਿੱਕ ਬੋਲੀ ਪੂਰੀ ਕਰਿ ਆਮਾਂ। ਕਿਸੇ ਆਖਿਆ ਮੈਂ ਨਹੀਓਂ ਆਂਦੀ। ਕੋਈ ਬੋਲੀ, ਹੋਰ ਕਿਸੇ ਦੀ ਮਾਂ ਕਿਸੇ ਨੂੰ ਨਹੀਂ ਬੁਲਾਂਦੀ ਤੁਹੇਂ ਸਭ ਤੇ ਅਗੇਤਰੀ ਹੱਥ ਧੋਕੇ ਅਸਾਡੇ ਮਗਰ ਪੈ ਜਾਂਦੀ ਏਂ। ਕਿਸੇ ਆਖਿਆ ਕਿਉ ਕੈਂ ਕੈਂ ਲਾਈ ਜੇ ਅਸਾਂ ਖੇਲਕੇ ਆਮਾਂਗੀਆਂ। ਕੋਈ ਬੋਲੀ ਤੂੰ ਕੇਹੀ ਭੈੜੀ ਏ ਅਸਾ ਨੂੰ ਖੇਲਣ ਨਹੀਂ ਦੇਂਦੀ ਜਾਖਾਂ ਮੈਂ ਆਪੇ ਆ ਜਾਵਾਂਗੀ।

ਏਹ ਗੱਲਾਂ ਸੁਣਕੇ ਕਿਸੇ ਦੀ ਮਾਂ ਆਖਿਆ ਹਛਾ ਤੂੰ ਜਾਣ ਖਲੋਤੀ ਰਹ ਤੇਰੇ ਪਿਉ ਨੂੰ ਘੱਲਨੀ ਹਾਂ। ਕੋਈ ਬੋਲੀ ਹੈ ਹੈ ਨੀ ਮਰੀਏ ਅਜੋਂ ਹੀ ਤੇ ਸਾਹਮਣੇ ਉਤਰ ਭੇੜਨ ਲਗੀ ਤੇ ਸਿਆਣੀ ਹੋ ਕੇ ਕੀ ਨਾ ਆਖੇਂਗੀ? ਕਿਸੇ ਆਖਿਆ ਵੱਢੀਏ ਅਸਾ ਨੂੰ ਕੀ ਆਖਨੀਏਂ ਤੇਰਾ ਭਿਰਾ ਪਿਆ ਬੁਲਾਂਦਾ ਨੀ ਹੱਛਾ ਮੈਂ ਆਖ ਦੇਵਾਂਗੀ ਕਿ ਬੀਬਾ ਉਹ ਨਹੀਂ ਆਂਦੀ। ਕਿਸੇ ਆਖਿਆ ਬਾਬੇ ਨੂੰ ਖਾਣੀਏ ਘਰ ਕਿਸ ਦੇ ਵੜੇਂਗੀ? ਹੱਛਾ ਮੈਂ ਬੂਹਾ ਭੇੜ ਲੈਨੀ ਹਾਂ ਤੂੰ ਮੈਂ ਜਾਣ ਮਾਰ ਝਖ। ਕਿਸੇ ਆਖਿਆ ਨੀ ਘਰ ਦਿਆਂ ਨੂੰ ਖਾਣੀਏ ਸੁਣਕੇ ਕੰਨਾ ਮੁਢ ਮਾਰਨੀ ਏਂ ਰਾਤ ਵੱਡੀ ਗਈ ਜੇ ਘਰ ਆਉ॥

ਏਹ ਸੁਣਕੇ ਸਭੋ ਕੁੜੀਆਂ ਘਰਾਂ ਨੂੰ ਗਈਆਂ। ਜਾਂ ਦੂਜਾ ਦਿਨ ਹੋਇਆ ਤਾਂ ਉਹ ਤੀਜ ਦਾ ਦਿਹਾੜਾ ਸੀ। ਆਪੋ ਆਪਣੀ ਕੁੜੀਆਂ ਦੀਆਂ ਮਾਵੀਂ ਆਪਣੇ ਮਾਲਕਾਂ ਅਤੇ ਪੁੱਤਰਾਂ ਨੂੰ ਆਖਿਆ ਭਲਕੇ ਕਰੂਏ ਚੌਥ ਜੇ ਅਸਾਂ ਕੁੜੀਆਂ ਤ੍ਰੀਮਤਾਂ ਸਭੇ ਵਰਤਣਾਂ ਹੋਮਾਂਗੀਆਂ ਕੁਝ ਮਿੱਠਾ ਥਿੰਧਾ ਅੱਜ ਢਲ਼ੇ ਵੇਲੇ ਘਰੀਂ ਘੱਲ ਦੇਣਾ ਕਿੰਉ ਜੋ ਤੜਕੇ ਉਠਕੇ ਸਰਘੀ ਖਾਣੀ ਹੋਊਗੁ॥