ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੮੧ )
ਚਂਹ ਮਲਾਹਾਂ ਦੀ ਬਾਰਤਾ
ਜਿਹੜੇ ਸਪਿਤਸਬਰਗਨ ਟਾਪੂ ਉੱਤੇ
ਜਾ ਲੱਥੇ ਸਨ॥
ਬੜੀ ਦੂਰ ਸਾਰੇ ਉੱਤਰ ਵੱਲ ਇਕ ਸਪਿਤਸਬਰਗਨ ਨਾਮੇ ਟਾਪੂ ਹੈ ਜਿੱਥੇ ਠੰਡ ਦੇ ਕਾਰਨ ਸਦਾ ਬਰਫ ਤੇ ਕੱਕਰ ਜੰਮਿਆ ਰਹਿੰਦਾ ਹੈ। ਕੋਈ ਟਾਂਵੀਂ ਬੂਟੀ ਉੱਗ ਸਕਦੀ ਹੋਵੇਗੀ ਤੇ ਮਸਾਂ ਕੋਈ ਜਨਾਉਰ ਹੋਊ। ਇਸਥੀਂ ਵਧਕੇ ਓਥੇ ਵਰਹੇ ਵਿੱਚ ਬਹੁਤੇ ਮਹੀਨੇ ਹਨੇਰਾ ਘੁਪ ਰਹਿੰਦਾ ਹੈ ਤੇ ਇਸ ਕਾਰਣ ਜਹਾਜ ਉਸ ਦੇਸ ਵੱਲ ਨਹੀਂ ਜਾ ਸਕਦੇ। ਇਸ ਨਾਲੋਂ ਵਧੀਕ ਉਜਾੜ ਡੰਡਕਾਲ ਤੇ ਭੇੜਾ ਹੋਰ ਕੋਈ ਦੇਸ ਨਹੀ ਜਿੱਥੇ ਮਨੁੱਖਾਂ ਦੇ ਰਹਿਣ ਲਈ ਇੱਡਾ ਔਖ ਹੋਵੇ। ਤਾਂ ਵੀ ਚਾਰ ਜਨੇ ਇਜੇਹੇ ਸਨ ਜੇਹੜੇ ਕਈ ਵਰ੍ਹੇ ਓਥੇ ਮਰ ਮਰਕੇ ਰਹੇ ਤੇ ਓਨ੍ਹਾਂ ਵਿੱਚੋਂ ਤਿੰਨ ਜਨੇ ਬਚਕੇ ਮੁੜ ਘਰਾਂ ਨੂੰ ਆਏ। ਉਨ੍ਹਾਂ ਦਾ ਹਾਲ ਹੁਣ ਅਸੀਂ ਤੁਹਾਨੂੰ ਸੁਨਾਉਂਦੇ ਹਾਂ॥