ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/106

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਰਹਿੰਦਾ ਹੈ। ਸਾਰੀ-ਸਾਰੀ ਰਾਤ ਦੂਰੋਂ ਨੇੜਿਓਂ ਆਏ ਹੋਰ ਭਗਤ ਵੀ ਖੇਲ-ਖੇਲ ਕੇ ਆਪਣੀ ਕਲਾ ਕੌਸ਼ਲਤਾ ਦੇ ਜੌਹਰ ਦਿਖਾਉਂਦੇ ਹਨ।

ਛਪਾਰ ਦੇ ਮੇਲੇ ਦੀ ਪ੍ਰਸਿੱਧੀ ਨਿਰੀ ਗੁੱਗੇ ਕਰਕੇ ਨਹੀਂ ਰਹੀ, ਇਹ ਤਾਂ ਇਸ ਮੇਲੇ ਦੇ ਵਿਸ਼ੇਸ਼ ਕਿਰਦਾਰ ਕਰਕੇ ਰਹੀ ਹੈ। ਇਸ ਮੇਲੇ 'ਤੇ ਮਲਵਈ ਆਪਣੇ ਦਿਲਾਂ ਦੇ ਗੁਭ ਗੁਭਾੜ ਕੱਢਦੇ ਰਹੇ ਹਨ। ਵੈਲੀਆਂ ਨੇ ਬਿਦ-ਬਿਦ ਕੇ ਲੜਾਈਆਂ ਲੜਨੀਆਂ, ਡਾਂਗ ਬਹਾਦਰਾਂ ਨੇ ਆਪਣੀਆਂ ਸੰਮਾਂ ਵਾਲੀਆਂ ਡਾਗਾਂ ਵਰ੍ਹਾ ਕੇ ਆਪਣੇ ਜੌਹਰ ਦਿਖਾਉਣੇ -ਕਿਤੇ ਪੁਲਿਸ ਨਾਲ ਵੀ ਟਾਕਰੇ ਹੋ ਜਾਣੇ। ਲਕੀਰਾਂ ਖਿੱਚ ਕੇ ਭੇੜੂਆਂ ਨੇ ਭਿੜਨਾ, ਪਹਿਲਵਾਨਾਂ ਨੇ ਘੋਲ ਘੁਲਣੇ, ਗੱਭਰੂਆਂ ਨੇ ਮੂੰਗਲੀਆਂ ਫੇਰਨ ਅਤੇ ਮੁਗਧਰ ਚੁੱਕਣ ਦੇ ਕਰਤੱਵ ਦਿਖਾਉਣੇ।

ਗਿੱਧਾ ਪੰਜਾਬੀ ਸਭਿਆਚਾਰ ਨੂੰ ਇਸ ਮੇਲੇ ਦੀ ਦੇਣ ਹੈ। ਜਿੰਨੀਆਂ ਬੋਲੀਆਂ ਕੀ ਇਕ ਲੜੀਆਂ, ਕੀ ਲੰਬੀਆਂ, ਇਸ ਮੇਲੇ 'ਤੇ ਪਾਈਆਂ ਜਾਂਦੀਆਂ ਹਨ, ਹੋਰ ਕਿਧਰੇ ਵੀ ਦੇਖਣ-ਸੁਣਨ ਵਿੱਚ ਨਹੀਂ ਆਉਂਦੀਆਂ। ਇਕ ਪਿੰਡ ਦੇ ਸਜੀਲੇ ਗੱਭਰੂਆਂ ਦੀ ਟੋਲੀ ਦੂਜੇ ਪਿੰਡ ਦੇ ਖਾੜਕੂ ਗੱਭਰੂਆਂ ਨਾਲ ਵਾਰੀ ਲੈ ਕੇ ਬੋਲੀ ਪਾਉਂਦੀ ਹੈ। ਸਾਰੀ ਸਾਰੀ ਰਾਤ ਬੋਲੀਆਂ ਪਾਉਣ ਦੇ ਮੁਕਾਬਲੇ ਹੁੰਦੇ ਰਹਿੰਦੇ ਹਨ।

ਲੱਖਾਂ ਦੀ ਗਿਣਤੀ ਵਿੱਚ ਦਰਸ਼ਕ ਇਸ ਮੇਲੇ ਵਿੱਚ ਸ਼ਾਮਲ ਹੁੰਦੇ ਹਨ। ਮੰਡੀ ਅਹਿਮਦਗੜ੍ਹ ਤੋਂ ਲੈ ਕੇ ਛਪਾਰ ਤੱਕ ਤਿੰਨਾਂ ਮੀਲਾਂ ਵਿੱਚ ਤਿੰਨੇ ਦਿਨ ਮਨੁੱਖਤਾ ਦਾ ਸਾਗਰ ਵਹਿ ਰਿਹਾ ਹੁੰਦਾ ਹੈ। ਇਕ ਨਵੀਂ ਹੀ ਦੁਨੀਆਂ ਵਸ ਜਾਂਦੀ ਹੈ। ਪੂਰੇ ਦਾ ਪੂਰਾ ਸੁਪਰ ਬਜ਼ਾਰ ਸਜ ਜਾਂਦਾ ਹੈ। ਅਸਮਾਨ ਛੂੰਹਦੇ ਸਰਕਸਾਂ ਦੇ ਸਾਇਬਾਨ, ਰਾਜਨੀਤਕ ਪਾਰਟੀਆਂ ਦੇ ਝੂਲਦੇ ਚੰਦੋਏ, ਵੱਖ-ਵੱਖ ਮਹਿਕਮਿਆਂ ਵੱਲੋਂ ਲਗਾਈਆਂ ਨੁਮਾਇਸ਼ਾਂ ਅਤੇ ਹੋਰ ਅਨੇਕ ਪ੍ਰਕਾਰ ਦੇ ਰੰਗ ਤਮਾਸ਼ੇ ਦਰਸ਼ਕਾਂ ਦੇ ਮਨ ਮੋਹ ਲੈਂਦੇ ਹਨ।

ਮੇਲਾ ਆਪਣੇ ਅਸਲੀ ਰੂਪ ਵਿੱਚ ਗੁੱਗੇ ਦੀ ਮਾੜੀ ਤੋਂ ਪਰੇ ਹੀ ਲੱਗਦਾ ਹੈ।ਇਥੇ ਹਰ ਕਿਸੇ ਦੀ ਤਮੰਨਾ ਪੂਰੀ ਹੋ ਜਾਂਦੀ ਹੈ। ਕਿਸੇ ਪਾਸੇ ਢੱਡ-ਸਾਰੰਗੀ ਵਾਲਿਆਂ ਦਾ ਅਖਾੜਾ ਲੱਗਿਆ ਹੋਇਆ ਹੈ, ਕਿਧਰੇ ਕਵੀਸ਼ਰ ਕਵੀਸ਼ਰੀ ਕਰ ਰਹੇ ਹੁੰਦੇ ਹਨ। ਗੈਸਾਂ ਦੇ ਚਾਨਣ ਵਿੱਚ ਨਚਾਰਾਂ ਦੇ ਜਲਸੇ ਆਪਣੇ ਪੂਰੇ ਜਲੌ ਵਿੱਚ ਹੁੰਦੇ ਹਨ। ਪੈਲਾਂ ਪਾ ਰਹੇ ਨੇਚਾਰਾਂ ਉੱਤੇ ਔਰਤਾਂ ਦੇ ਭੋਖੜੇ ਦੇ ਮਾਰੇ ਹੋਏ ਪੇਂਡੂ ਪੰਜਾਬੀ ਰੁਪਈਆਂ ਦਾ ਮੀਂਹ ਵਰ੍ਹਾ ਦੇਂਦੇ ਹਨ। ਕਿਸੇ ਪਾਸੇ ਰਾਜਨੀਤਿਕ ਪਾਰਟੀਆਂ ਆਪਣੇ ਪੰਡਾਲਾਂ ਵਿੱਚ ਆਪਣੀਆਂ ਵਿਰੋਧੀ ਪਾਰਟੀਆਂ ਨੂੰ ਸੌਂਕਣਾਂ ਵਾਂਗ ਪੁਣ ਕੇ ਸਰੋਤਿਆਂ ਨੂੰ ਖ਼ੁਸ਼ ਕਰ ਰਹੀਆਂ ਹੁੰਦੀਆਂ ਹਨ। ਕਿਸੇ ਪਾਸੇ ਬੈਲ ਗੱਡੀਆਂ ਦੀਆਂ ਦੌੜਾਂ ਹੋ ਰਹੀਆਂ ਹਨ ਕਿਧਰੇ ਮਲ ਘੁਲ ਰਹੇ ਹਨ। ਚੰਡੋਲ ਚਰਖਚੁੰਡੇ ਆਪਣਾ ਹੀ ਸੁਆਦ ਦਿੰਦੇ ਹਨ।

ਗੱਭਰੂਆਂ ਦੀਆਂ ਢਾਣੀਆਂ ਖੜਤਾਲਾਂ, ਕਾਟੋਆਂ ਅਤੇ ਛੈਣੇ ਵਜਾਉਂਦੀਆਂ ਗਿੱਧੇ ਦੀਆਂ ਬੋਲੀਆਂ ਪਾਉਂਦੀਆਂ ਹੋਈਆਂ ਭੀੜਾਂ ਨੂੰ ਚੀਰਦੀਆਂ ਮਾਲਵੇ ਦੇ ਸਭਿਆਚਾਰ ਦੀ ਸਾਖੀ ਭਰਦੀਆ ਹਨ:

ਧਾਵੇ ਧਾਵੇ ਧਾਵੇ
ਡੱਬਾ ਕੁੱਤਾ ਮਿੱਤਰਾਂ ਦਾ
ਥਾਣੇਦਾਰ ਦੀ ਕੁੜੀ ਨੂੰ ਚੁੱਕ ਲਿਆਵੇ
ਭੈਣ ਚੁੱਕੇ ਡਿਪਟੀ ਦੀ

100/ਪੰਜਾਬੀ ਸਭਿਆਚਾਰ ਦੀ ਆਰਸੀ