ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/14

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਟੱਬਰ ਟੁੱਟ ਰਹੇ ਹਨ ਤੇ ਮੋਹ-ਮੁਹੱਬਤਾਂ ਦੀ ਗੱਲ ਬੀਤੇ ਸਮੇਂ ਦੀ ਵਾਰਤਾ ਬਣ ਕੇ ਰਹਿ ਗਈ ਹੈ। ਸਾਡੀ ਨੌਜਵਾਨ ਪੀੜੀ ਆਪਣੇ ਅਮੀਰ ਵਿਰਸੇ ਤੋਂ ਅਭਿਜ ਹੁੰਦੀ ਜਾ ਰਹੀ ਹੈ। ਸੋ ਅਜੋਕੇ ਗਿਆਨ-ਵਿਗਿਆਨ ਅਤੇ ਸੂਚਨਾ ਤਕਨਾਲੋਜੀ ਦੇ ਯੁਗ ਵਿੱਚ ਆਪਣੇ ਅਮੀਰ ਵਿਰਸੇ ਦੀ ਵਿਲੱਖਣਤਾ ਅਤੇ ਹੋਂਦ ਨੂੰ ਕਾਇਮ ਰੱਖਣਾ ਸਾਡੇ ਲਈ ਅਤਿਅੰਤ ਜ਼ਰੂਰੀ ਹੋ ਗਿਆ ਹੈ। ਅਜੋਕੇ ਸਮੇਂ ਦੀਆਂ ਸਿਥਤੀਆਂ ਅਨੁਸਾਰ ਇਹ ਲਾਜ਼ਮੀ ਹੈ ਕਿ ਪੰਜਾਬ ਦੇ ਅਮੀਰ ਵਿਰਸੇ ਦੇ ਅਲੋਪ ਹੋ ਰਹੇ ਅੰਸ਼ਾਂ ਦੀ ਸੰਭਾਲ ਕੀਤੀ ਜਾਵੇ ਅਤੇ ਉਹਨਾਂ ਦੀ ਨਿਸ਼ਾਨ-ਦੇਹੀ ਕਰਕੇ ਨੌਜਵਾਨ ਪੀੜ੍ਹੀ ਨੂੰ ਇਸ ਨਾਲ ਜੋੜਿਆ ਜਾਵੇ ਤਾਂ ਜੋ ਉਹ ਆਪਣੀ ਅਮੀਰ ਵਿਰਾਸਤ ਤੋਂ ਮੂੰਹ ਨਾ ਮੋੜਨ ਬਲਕਿ ਇਸ 'ਤੇ ਮਾਣ ਕਰ ਸਕਣ। ਇਸ ਪੁਸਤਕ ਵਿੱਚ ਪੰਜਾਬੀ ਸਭਿਆਚਾਰ ਤੇ ਲੋਕ-ਵਿਰਸੇ ਦੋ ਭਿੰਨ ਭਿੰਨ ਅੰਗਾਂ ਦੀ ਨਿਸ਼ਾਨਦੇਹੀ ਕਰਕੇ ਉਨਾਂ ਬਾਰੇ ਲੋੜੀਂਦੀ ਜਾਣਕਾਰੀ ਦੇਣ ਦਾ ਯਤਨ ਕੀਤਾ ਗਿਆ ਹੈ। ਮੈਨੂੰ ਆਸ ਹੈ ਪੰਜਾਬੀ ਪਾਠਕ ਇਸ ਪੁਸਤਕ ਨੂੰ ਦਿਲਚਸਪੀ ਨਾਲ ਪੜਨਗੇ ਅਤੇ ਆਪਣੇ ਸਭਿਆਚਾਰ ਤੋਂ ਜਾਣੂ ਹੋਣਗੇ।

ਸਤੰਬਰ 12, 2005
ਸੁਖਦੇਵ ਮਾਦਪੁਰੀ