ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਲੰਮੀ ਮੁਲਾਕਾਤ ਦਰਕਾਰ ਸੀ ਤਾਂ ਜੋ ਪਾਠਕਾਂ ਨੂੰ ਇਸ ਸ਼ਖ਼ਸੀਅਤ ਨੂੰ ਨੇੜਿਓਂ ਹੋ ਕੇ ਜਾਨਣ ਦਾ ਅਵਸਰ ਹਾਸਲ ਹੋ ਸਕੇ। ਪਿਛਲੇ ਦਿਨੀਂ ਇਸ ਪ੍ਰਤੀਬੱਧ ਲਿਖਾਰੀ ਨਾਲ ਹੋਈ ਗੁਫ਼ਤਗੂ ਵਿੱਚੋਂ ਉਸ ਦੀ ਸ਼ਖ਼ਸੀਅਤ ਅਤੇ ਲੇਖਣੀ ਦੇ ਕਈ ਲੁਕਵੇਂ ਪੱਖ ਵੀ ਜ਼ਾਹਰ ਹੋਏ ਜੋ ਪਾਠਕਾਂ ਦੀ ਦਿਲਚਸਪੀ ਲਈ ਪੇਸ਼ ਹਨ:

?ਮਾਦਪੁਰੀ ਜੀ, ਤੁਸੀਂ ਲੋਕ-ਸਾਹਿਤ ਦੀ ਇਕ ਅਜ਼ੀਮ ਸ਼ਖ਼ਸੀਅਤ ਹੋ। ਤੁਹਾਡੀ ਸ਼ਖ਼ਸੀਅਤ ਅਤੇ ਤੁਹਾਡੇ ਕਾਰਜਾਂ ਨੂੰ ਜਾਣਨ ਲਈ ਪਾਠਕਾਂ ਦੀ ਤੀਬਰ ਤਮੰਨਾ ਹੈ। ਮੁਲਾਕਾਤ ਦੇ ਆਰੰਭ ਵਿੱਚ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਨਮ, ਮਾਪਿਆਂ ਅਤੇ ਬਚਪਨ ਬਾਰੇ ਪਾਠਕਾਂ ਨੂੰ ਜਾਣਕਾਰੀ ਦਿਓ।

ਆਸ਼ਟ ਸਾਹਿਬ! ਸਾਧਾਰਨ ਬੰਦਿਆਂ ਦੀਆਂ ਮੁਲਕਾਤਾਂ ਦੀ ਅਜੋਕੇ ਯੁੱਗ ਵਿੱਚ ਕੀ ਵੁੱਕਤ ਹੈ? ਮੇਰੇ ਜਨਮ ਦੀ ਪੱਕੀ ਤਰੀਕ ਦਾ ਕੋਈ ਪਤਾ ਨਹੀਂ। ਸਕੂਲੀ ਰਿਕਾਰਡ ਅਨੁਸਾਰ 12 ਜੂਨ, 1935 ਹੈ। ਇਕ ਸਾਧਾਰਨ ਜੱਟ ਪਰਿਵਾਰ ਵਿੱਚ ਮੇਰਾ ਜਨਮ ਪਿੰਡ ਮਾਦਪੁਰ, ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਸ. ਦਇਆ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੇ ਉਦਰੋਂ ਹੋਇਆ ਸੀ। ਮਾਤਾ-ਪਿਤਾ ਦੋਨੋਂ ਅਨਪੜ੍ਹ ਸਨ ਪਰ ਸਨ ਸੂਝਵਾਨ ਸੱਚੀ-ਸੁੱਚੀ ਕਿਰਤ ਕਰਨ ਵਾਲੇ, ਸਿਰੜੀ ਤੇ ਸੰਤੋਖੀ। ਮੇਰਾ ਬਚਪਨ ਬੜਾ ਰਾਂਗਲਾ ਸੀ - ਖੇਡਣਾ, ਪੜ੍ਹਨਾ, ਡੰਗਰ ਪਸ਼ੂ ਚਾਰਨੇ ਤੇ ਧੰਨੇ ਦੀਆ ਲਾਉਣੀਆਂ....ਪਿੰਡ ਦੇ ਪ੍ਰਾਈਮਰੀ ਸਕੂਲੋਂ ਚਾਰ ਜਮਾਤਾਂ ਪਾਸ ਕੀਤੀਆਂ -ਦਸਵੀਂ ਖਾਲਸਾ ਹਾਈ ਸਕੂਲ, ਜਸਪਾਲੋਂ ਤੋਂ ਕੀਤੀ। ਨਾਲੇ ਪੜ੍ਹਨਾ ਨਾਲ਼ੇ ਬਾਪੂ ਨਾਲ ਖੇਤੀ ਦਾ ਕੰਮ ਕਰਵਾਉਣਾ। ਉਸ ਸਮੇਂ ਪੜ੍ਹਾਈ ਦਾ ਮਾਧਿਅਮ ਉਰਦੂ ਸੀ। ਖਾਲਸਾ ਸਕੂਲ 'ਚ ਦਾਖਲ ਹੋ ਕੇ ਪੰਜਾਬੀ ਸਿੱਖੀ।

? ਪੰਜਾਬੀ ਸਾਹਿਤ ਜਗਤ ਵਿੱਚ ਤੁਹਾਡਾ ਬਿੰਬ ਲੋਕ-ਸਾਹਿਤ ਅਤੇ ਸੱਭਿਆਚਾਰ ਦੀਆਂ ਬਹੁਭਾਂਤੀ ਵੰਨਗੀਆਂ ਦੇ ਸੰਗ੍ਰਿਹਕ ਵਜੋਂ ਸਥਾਪਤ ਹੋਇਆ ਹੈ। ਤੁਹਾਡੇ ਮਨ ਵਿੱਚ ਇਹਨਾਂ ਖੇਤਰਾਂ ਪ੍ਰਤੀ ਲਗਨ ਕਿਵੇਂ ਪੈਦਾ ਹੋਈ।

- ਮੇਰੇ ਬਾਪੂ ਨੂੰ ਬਹੁਤ ਸਾਰੀਆਂ ਕਲੀਆਂ ਅਤੇ ਦੋਹੇ ਯਾਦ ਸਨ। ਉਹ ਖੇਤਾਂ ਵਿੱਚ ਕੰਮ ਕਰਦੇ ਹੋਏ ਉੱਚੀ ਹੇਕ ਵਿੱਚ ਕਲੀਆਂ ਤੇ ਦੋਹੇ ਲਾਉਂਦੇ ਰਹਿੰਦੇ ਸਨ। ਉਹਨਾਂ ਨਾਲ ਕੰਮ ਕਰਦਿਆਂ ਇਹ ਦੋਹੇ-ਕਲੀਆਂ ਮੇਰੇ ਚੇਤਿਆਂ ਵਿੱਚ ਵਸ ਗਏ। ਮੇਰੀ ਬੇਬੇ ਨੂੰ ਵੀ ਬਹੁਤ ਸਾਰੇ ਲੋਕਗੀਤ ਯਾਦ ਸਨ। ਉਹ ਚੱਕੀ ਝਾਂਦੇ ਹੋਏ ਤੇ ਚਰਖਾ ਕੱਤਦੇ ਹੋਏ ਅਕਸਰ ਲੰਬੇ-ਲੰਬੇ ਗੀਤ ਗਾਉਂਦੇ ਰਹਿੰਦੇ ਸਨ। ਇਹਨਾਂ ਗੀਤਾਂ ਨੂੰ ਸੁਣ ਕੇ ਮੇਰੇ ਮਨ ਨੇ ਸੋਚਿਆ‘ਇਹ ਗੀਤ ਤਾਂ ਬੇਬੇ ਹੋਰਾਂ ਨਾਲ ਹੀ ਮੁੱਕ ਜਾਣਗੇ ਕਿਉਂ ਨਾ ਇਹਨਾਂ ਨੂੰ ਕਿਸੇ ਕਾਪੀ ’ਤੇ ਲਿਖ ਲਵਾਂ?' ਮੈਂ ਆਪ ਵੀ ਡੰਗਰ ਪਸ਼ੂ ਚਾਰਦਾ ਹੋਇਆ ਆਪਣੇ ਸਾਥੀਆਂ ਨਾਲ ਰਲ ਕੇ ਬੋਲੀਆਂ ਪਾਇਆ ਕਰਦਾ ਸਾਂ। ਸੈਂਕੜੇ ਬੋਲੀਆਂ ਮੈਨੂੰ ਯਾਦ ਸਨ। ਰਾਤ ਨੂੰ ਕੋਠਿਆਂ ਦੀਆਂ ਛੱਤਾਂ ਤੇ ਬੈਠਕੇ ਚਾਨਣੀਆਂ ਰਾਤਾਂ ਨੂੰ ਬੁੱਝਣ ਵਾਲੀਆਂ ਬਾਤਾਂ ਪਾਉਣੀਆਂ। ਸੁਣਨ ਵਾਲੀਆਂ ਬਾਤਾਂ ਅਸੀਂ ਆਪਣੇ ਪਿੰਡ ਦੇ ਪੋਹੂ ਪੰਡਤ ਕੋਲੋਂ ਸਾਰੀ-ਸਾਰੀ ਰਾਤ ਸੁਣਦੇ ਰਹਿੰਦੇ ਸਾਂ। ਇਸ ਤਰ੍ਹਾਂ ਮੇਰੇ ਅਚੇਤ ਮਨ ਵਿੱਚ ਲੋਕ ਸਾਹਿਤ ਦੇ ਇਹ ਰੂਪ ਵਸ ਗਏ ਤੇ ਮੈਂ ਇਹਨਾਂ ਨੂੰ ਸਾਂਭਣਾ ਸ਼ੁਰੂ ਕਰ ਦਿੱਤਾ। ਇਹਨਾਂ ਦੀ ਕੋਈ ਸਾਹਿਤਕ ਮਹੱਤਤਾ ਵੀ ਹੈ, ਇਸ ਬਾਰੇ ਮੈਨੂੰ ਉਦੋਂ ਕੋਈ ਗਿਆਨ ਨਹੀਂ ਸੀ। ਉਦੋਂ ਮੈਂ ਅਲੂੰਆਂ ਜਿਹਾ ਮੁੰਡਾ ਸਾਂ ਤੇ ਸਾਹਿਤ ਦੀ ਚੇਟਕ ਵੀ ਨਹੀਂ ਸੀ ਲੱਗੀ।

171/ਪੰਜਾਬੀ ਸਭਿਆਚਾਰ ਦੀ ਆਰਸੀ