ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੁੱਡੀ ਪਾਉਣ ਸਮੇਂ ਅਨੇਕ ਪ੍ਰਕਾਰ ਦੇ ਗੀਤ ਗਾਏ ਜਾਂਦੇ ਹਨ। ਬਾਰ ਦੇ ਇਲਾਕੇ ਵਿੱਚ ਢੋਲੇ ਅਤੇ ਸੱਦਾਂ ਲਾਈਆਂ ਜਾਂਦੀਆਂ ਹਨ। ਇਹ ਢੋਲੇ ਤੇ ਸੱਦਾਂ ਆਮ ਤੌਰ 'ਤੇ ਮਿਰਜ਼ੇ, ਸੱਸੀ ਪੁੰਨੂੰ, ਹੀਰ ਰਾਂਝੇ ਅਤੇ ਸੂਰਮਿਆਂ ਦੀਆਂ ਹੁੰਦੀਆਂ ਹਨ। ਮਾਲਵੇ ਦੇ ਇਲਾਕੇ ਵਿੱਚ ਗਿੱਧੇ ਦੀਆਂ ਲੰਬੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ। ਇੱਕ ਜਣਾਹੇਕ ਲਾ ਕੇ ਢੋਲਾ ਜਾਂ ਸੱਦ ਲਾਉਂਦਾ ਹੈ ਤੇ ਅੰਤਲੇ ਟੱਪੇ ਤੇ ਨਾਚ ਮੁਘ ਉੱਠਦਾ ਹੈ।ਲੁੱਡੀ ਦਾ ਇੱਕ ਆਰੰਭਕ ਗੀਤ ਹੈ:-

ਛੰਨੇ ਉੱਤੇ ਛੰਨਾ
ਲੁੱਡੀ ਪਾ ਸੂਰ ਦਿਆ ਕੰਨਾ
ਲੁੱਡੀ ਘਮ ਓਏ ਲੁੱਡੀ ਘਮ
ਲੁੱਡੀ ਘਮ ਓਏ ਲੁੱਡੀ ਘਮ

ਢੋਲੀ ਤਾਲ ਬਦਲਦਾ ਹੈ ਅਤੇ ਕੋਈ ਜਣਾ ਪਿੜ ਵਿੱਚ ਆ ਕੇ ਢੋਲਾ ਲਾਉਂਦਾ ਹੈ:-

ਬੇਬਸ ਨੀ ਸਾਹਿਬਾਂ
ਅਕਲ ਦੀਏ ਝੱਲੀਏ
ਕੋਠੀ ਹਾਵੀ ਆ ਕੱਚ ਦੀ
ਰਾਵੀ ਖਤ ਨਾ ਘੱਲੀਏ
ਜਿਹੜੇ ਲਾ ਪ੍ਰੀਤ ਪਲੀਤ ਚਾ ਕਰਨੀ
ਆਖਣ ਲੋਕ ਨਿਗੱਲੀਏ
ਨਾਲ ਕੁਸੰਗੀ ਦੇ ਸੰਗ ਨਾ ਕਰੀਏ
ਰਾਹ ਦੁਸ਼ਮਣ ਦਾ ਟਲੀਏ
ਖੇਡੀਏ ਨਾਲ ਖਿਡਕਾਰਾਂ
ਗੋਟੀ ਵੇਖ ਕੇ ਚੱਲੀਏ .....

ਕੋਈ ਸਿਆਲਕੋਟ ਦਾ ਗੱਭਰੂ ਸੱਦ ਲਾਉਂਦਾ ਹੈ:

ਛੱਤੀ ਟਾਹਲੀ ਓਏ
ਹੇਠਾਂ ਮਟ ਸ਼ਰਾਬ ਦਾ
ਪੀ ਲੈ ਮੁੰਡਿਆ ਓਏ
ਮੈਂ ਨਹੀਂ ਪੀਂਦਾ, ਮੇਰਾ ਬਾਪੂ ਮਾਰਦਾ
ਨਾ ਮਾਰੀਂ ਬਾਪੂ ਓਏ
ਮੈਂ ਤੇਰਾ ਡੰਗਰ ਵੱਛਾ ਚਾਰਦਾ
ਡੰਗਰ ਵੱਛਾ ਚਾਰਦਿਆਂ
ਮੈਨੂੰ ਲੱਭੀ ਖੂੰਡੀ ਓਏ
ਉਹਦੇ ਮੱਥੇ ਤੇ ਫੁਲ ਜਵਾਰ ਦਾ

ਮਲਵਈ ਗੱਭਰੂ ਮਿਰਜ਼ੇ ਦੀ ਸੱਦ ਲਾਉਂਦਾ ਹੈ:

ਭੱਤੇ 'ਚੋਂ ਕੱਢ ਲਿਆ ਜੱਟ ਨੇ ਟੋਲਕੇ
ਰੰਗ ਦਾ ਸੁਨਹਿਰੀ ਤੀਰ
ਮਾਰਿਆ ਜੱਟ ਨੇ ਮੁੱਛਾਂ ਕੋਲੋਂ ਵਟਕੇ
ਉਡ ਗਿਆ ਵਾਂਗ ਭੰਬੀਰ

73/ ਪੰਜਾਬੀ ਸਭਿਆਚਾਰ ਦੀ ਆਰਸੀ