ਇਹ ਸਫ਼ਾ ਪ੍ਰਮਾਣਿਤ ਹੈ
ਵੱਧਿਆ ਖਾਨ ਅਜ਼ੀਮ ਵੀ ਝਟ ਸੈਫ ਘੁਮਾਈ।
ਗੁਰ ਨੇ ਦਾ ਬਚਾ ਲਿਆ ਤੇ ਤੇਗ ਚਲਾਈ।
ਹੋਣੀ ਵਾਂਗੂੰ ਜਾਪਈ ਬਿਜਲੀ ਬਨ ਆਈ।
ਜਿਸ ਦੇ ਸਿਰ ਤੇ ਜਾ ਚੜ੍ਹੀ ਰੱਤ ਗੰਗ ਵਹਾਈ।
ਖਿੱਦੋ ਵਾਂਗੂੰ ਰੇੜ੍ਹਿਆ ਸਤਗੁਰ ਨੇ ਪੈਂਦਾ।
ਜਿਹੜਾ ਆਉਂਦਾ ਸਾਹਮਣੇ ਮੂੰਹ ਪਰਨੇ ਪੈਂਦਾ।
ਜਿੱਦਾਂ ਚਰਣੀਂ ਪੈਂਦਿਆਂ ਸੀ ਮਾਫੀ ਲੈਂਦਾ।
ਭੀਮਾ ਜ਼ਖਮੀ ਹੋ ਗਿਆ ਕਿੱਦਾਂ ਬਚ ਰਹਿੰਦਾ?
ਮੂੰਹ ਭੌਂ ਜਾਂਦਾ ਓਸ ਦਾ ਜੋ ਆ ਕੇ ਖਹਿੰਦਾ।
ਕਲਗੀਧਰ ਦੇ ਵਾਰ ਤੋਂ ਦਲ ਮੁੜਿਆ ਛਹਿੰਦਾ।
ਨੱਸਿਆ ਸਿਪਾਹਸਲਾਰ ਵੀ ਈਕਣ ਗਲ ਕਹਿੰਦਾ:
"ਮਲਕੁਲ ਮੌਤ ਵੀ ਕੰਬਦੀ ਸਾਥੋਂ ਨਹੀਂ ਢਹਿੰਦਾ।"
੭.
ਸੁਣਿਆ ਔਰੰਗਜ਼ੇਬ ਨੇ ਨੱਕ ਵਿਚੋਂ ਠੂੰਹੇਂ ਝਾੜਦਾ।
ਪੁੱਛਿਆ ਕੀ ਗੁਰ ਵਿਚ ਆ ਗਿਆ ਜੋ ਮੁਗਲਾਂ ਨੂੰ ਹੈ ਦਾੜ੍ਹਦਾ?
ਉਸ ਲਸ਼ਕਰ ਤਾ ਕੇ ਘੱਲਿਆ ਜਿਉਂ ਪਹਿਲਾ ਦਿਨ ਸੀ ਹਾੜ ਦਾ।
ਜਾਲੰਧਰੋਂ ਸਫਦਰ ਖਾਨ ਵੀ ਚੜ੍ਹ ਆਇਆ ਸ਼ੇਖ਼ੀ ਸਾੜਦਾ।
ਪੁੱਛਦੇ ਸਨ ਕਿਹੜਾ ਪੀਰ ਹੈ ਮੁਗਲੇਈ ਰਾਜ ਉਖਾੜਦਾ?
ਉਹ ਕਿਹੜਾ ਜਗ ਤੇ ਜੰਮਿਆ ਜੋ ਸ਼ਰਆ ਕਤੇਬਾਂ ਪਾੜਦਾ?
ਕਲਗੀਧਰ ਵੀ ਰਾਹ ਦੇਖਿਆ ਪ੍ਰੀਤੀ ਲੁਟ-ਖੜਨੀ ਧਾੜ ਦਾ।
੨੧