ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/33

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸੋਹਣੀ ਮਹੀਂਵਾਲ

"ਮਾਲਕ ਐਡੇ ਹੁਸੀਨ ਮਿੱਟੀ ਦੇ ਭਾਂਡੇ ਮੈਂ ਆਪਣੀ ਸਾਰੀ ਜ਼ਿੰਦਗੀ ਵਿੱਚ ਨਹੀਂ ਤੱਕੇ! ਮੈਂ ਸਾਰੀ ਦੁਨੀਆਂ ਵੇਖ ਚੁੱਕਿਆਂ.....ਆਹ! ਕੇਡੋ ਖੂਬਸੂਰਤ ਨੇ ਇਹ ਕੂਜੇ, ਇਹ ਬਾਦੀਏ!"

ਬੁੱਢੇ ਨੌਕਰ ਨੇ ਇਕ ਖ਼ੂਬਸੂਰਤ ਬਾਦੀਆ ਇਜ਼ਤ ਬੇਗ ਅੱਗੇ ਕਰ ਦਿੱਤਾ। ਬਲਖ ਬੁਖਾਰੇ ਦੇ ਪ੍ਰਸਿੱਧ ਸੌਦਾਗਰ ਮਿਰਜ਼ਾ ਅਲੀ ਦਾ ਨੌਜਵਾਨ ਪੁੱਤਰ ਇੱਜ਼ਤ ਬੇਗ ਬੜੀ ਰੀਝ ਨਾਲ਼ ਇਨ੍ਹਾਂ ਭਾਂਡਿਆਂ ਨੂੰ ਤੱਕਣ ਲੱਗਾ।

ਅਜੇ ਕਲ੍ਹ ਦੀ ਰਾਤ ਹੀ ਤਾਂ ਉਹ ਏਥੇ ਗੁਜਰਾਤ ਆਏ ਸਨ।

"ਸੱਚਮੁੱਚ ਹੀ ਏਡੀ ਖੂਬਸੂਰਤ ਕਲਾ ਕਿਰਤ ਮੈਂ ਤੱਕੀ ਨਹੀਂ। ਆਪਣੇ ਦੇਸ਼ ਲਈ, ਇਹ, ਏਥੋਂ ਦੀ ਸੁਗਾਤ ਵਜੋਂ ਲੈ ਕੇ ਚੱਲਾਂਗੇ। ਅਸਾਂ ਏਸ ਸ਼ਹਿਰ ਮਸਾਂ ਦੋ ਕੁ ਦਿਨ ਠਹਿਰਨਾ ਹੈ ਕਲ੍ਹ ਭਾਂਡਿਆਂ ਦੀ ਚੋਣ ਕਰਨੀ ਹੋਵੇਗੀ!"

"ਮਾਲਕ ਅਸੀਂ ਏਸ ਸੌਦੇ 'ਚ ਕਾਫ਼ੀ ਕਮਾਂ ਲਵਾਂਗੇ! ਏਸ ਸੌਦੇ ਤੇ ਵੱਡੇ ਮਾਲਕ ਬਹੁਤ ਖ਼ੁਸ਼ ਹੋਣਗੇ।" ਬੁੱਢੇ ਨੌਕਰ ਦਾ ਮਨ ਨਫ਼ੇ ਬਾਰੇ ਸੋਚ ਰਿਹਾ ਸੀ।

"ਹਾਂ, ਹਾਂ, ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਸੌਦਾਗਰੀ ਲਈ ਟੁਰਿਆ ਹਾਂ, ਵੇਖਦੇ ਆਂ ਏਸ ਸੌਦੇ 'ਚ ਨਫ਼ਾ ਰਹਿੰਦੈ ਕਿ ਘਾਟਾ ਪੈਂਦੈ!" ਇਜ਼ਤ ਬੇਗ ਨੇ ਮੁਸਕਰਾਂਦਿਆਂ ਉੱਤਰ ਦਿੱਤਾ।

ਇਜ਼ਤ ਬੇਗ ਆਪਣੇ ਨੌਕਰ ਸਮੇਤ ਗੁਜਰਾਤ ਦੀਆਂ ਹੱਟੀਆਂ ਵੇਖਦਾ ਵੇਖਦਾ ਤੁੱਲੇ ਦੀ ਭਾਂਡਿਆਂ ਦੀ ਦੁਕਾਨ ਤੇ ਪੁੱਜ ਗਿਆ। ਭਾਂਡੇ ਖ਼ਰੀਦਣ ਵਾਲਿਆਂ ਦੀ ਬੜੀ ਭੀੜ ਸੀ। ਦੁਕਾਨ ਵਿੱਚ ਕੂਜੇ, ਬਾਦੀਏ, ਸੁਰਾਹੀਆਂ, ਘੜੇ, ਮਟਕੇ ਆਦਿ ਇਸ ਸਲੀਕੇ ਨਾਲ਼ ਟਿਕਾਏ ਹੋਏ ਸਨ ਜਿਵੇਂ ਇਕ ਚਿੱਤਰਕਾਰ ਆਪਣੇ ਚਿੱਤਰਾਂ ਦੀ ਪ੍ਰਦਰਸ਼ਨੀ ਕਰਦਾ ਹੈ।

ਇਜ਼ਤ ਬੇਗ ਬਾਹਰ ਖੜਾ, ਸਜੀਲੀ ਦੁਕਾਨ ਵੱਲ ਪਰਸੰਸਾ ਭਰੀਆਂ ਤੱਕਣੀਆਂ ਨਾਲ ਤੱਕਦਾ ਰਿਹਾ!

ਗਾਹਕਾਂ ਦੀ ਕੁਝ ਭੀੜ ਘਟੀ! ਤੁੱਲੇ ਦੀ ਨਿਗਾਹ ਨੌਜਵਾਨ ਸੌਦਾਗਰ ਤੇ ਜਾ ਪਈ। ਨੌਜਵਾਨ ਲਗਾਤਾਰ ਤੱਕੀ ਜਾ ਰਿਹਾ ਸੀ, ਖ਼ੁਸ਼ੀ ਉਹਦੀ ਅੱਖੀਆਂ ਵਿੱਚੋਂ ਡੁਲ੍ਹ ਡੁਲ੍ਹ ਪੈਂਦੀ ਸੀ।

ਪੰਜਾਬ ਦੇ ਲੋਕ ਨਾਇਕ/29