ਕੰਡੇ ਤੇ ਝਾੜੀਆਂ ਖਿੰਡੀਆਂ ਪਈਆਂ ਸਨ। ਉਹ ਡਿਗਦੀ ਢਹਿੰਦੀ, ਝਾੜੀਆਂ, ਝਾਫਿਆਂ ਵਿੱਚ ਫਸਦੀ ਲਹੂ ਲੁਹਾਣ ਹੋਈ ਝਨਾਂ ਦੇ ਕੰਢੇ 'ਤੇ ਪੁੱਜ ਗਈ। ਉਸ ਸਰਕੜੇ ਦੇ ਬੂਝੇ ਵਿੱਚੋਂ ਘੜਾ ਚੁੱਕ ਲਿਆ। ਘੜੇ ਨੂੰ ਉਸ ਆਪਣੀ ਆਦਤ ਅਨੁਸਾਰ ਟੁਣਕਾ ਕੇ ਵੇਖਿਆ, ਪਹਿਲੀ ਟੁਣਕਾਰ ਨਹੀਂ ਸੀ। ਆਹ! ਕਿਸੇ ਪਾਪੀ ਨੇ ਪੱਕੇ ਦੀ ਥਾਂ ਕੱਚਾ ਰੱਖ ਦਿੱਤਾ ਸੀ! ਮੁਹੱਬਤ ਨਵੇਂ ਇਮਤਿਹਾਨ ਵਿੱਚ ਪਾ ਦਿੱਤੀ ਸੀ।
ਪਾਰਲੇ ਕੰਢੇ ਮਹੀਂਵਾਲ ਦੀ ਝੁੱਗੀ ਵਿੱਚ ਦੀਵਾ ਟਿਮਟਿਮਾ ਰਿਹਾ ਸੀ ਤੇ ਮਹੀਂਵਾਲ ਸੁਰੀਲੀ ਬੰਸਰੀ ਦੀਆਂ ਤਾਨਾਂ ਤੇ ਪਿਆਰੇ ਬੋਲ ਗਾਉਂਦਾ ਪਿਆ ਸੀ। ਉਰਲੇ ਕੰਢੇ ਸੋਹਣੀ ਕੱਚਾ ਘੜਾ ਚੁੱਕੀ ਸੋਚਾਂ ਵਿੱਚ ਡੁੱਬੀ ਖੜੀ ਸੀ। ਵਿਚਕਾਰ ਦਰਿਆ ਪੂਰੇ ਸਿਖ਼ਰ 'ਤੇ ਸੀ। ਅਸਮਾਨਾਂ 'ਤੇ ਕਹਿਰਾਂ ਦੀ ਬਿਜਲੀ ਲਿਸ਼ਕ ਰਹੀ ਸੀ।
"ਕੀ ਹੋਇਆ ਘੜਿਆ ਤੂੰ ਪੱਕਿਓਂ ਕੱਚਾ ਬਣ ਗਿਓ! ਮੈਂ ਪਿੱਛੇ ਨਹੀਂ ਪਰਤਾਂਗੀ, ਆਪਣਾ ਕੌਲ ਪੂਰਾ ਕਰਾਂਗੀ। ਮੈਂ ਮਰਦ ਜ਼ਾਤ ਪਾਸੋਂ ਇਹ ਉਲਾਂਭਾ ਨਹੀਂ ਖੱਟਾਂਗੀ ਕਿ ਇਕ ਤੀਵੀਂ ਨੇ ਆਪਣਾ ਕੌਲ ਪੂਰਾ ਨਹੀਂ ਕੀਤਾ। ਮੈਂ ਆਪਣੀ ਵਫ਼ਾ ਨਿਭਾਵਾਂਗੀ, ਚਾਹੇ ਮੈਨੂੰ ਆਪਣੀ ਜ਼ਿੰਦ ਵੀ ਕਿਉਂ ਨਾ ਵਾਰਨੀ ਪੈ ਜਾਵੇ.....
ਸੋਹਣੀ ਨੇ ਸੱਚੇ ਰੱਬ ਅੱਗੇ ਆਪਣੇ ਦੋਨੋਂ ਹੱਥ ਜੋੜੇ ਤੇ ਕੱਚੇ ਘੜੇ ਨਾਲ਼ ਦਰਿਆ ਵਿੱਚ ਠਿਲ੍ਹ ਪਈ :
ਰਾਤ ਹਨੇਰੀ ਲਿਸ਼ਕਣ ਤਾਰੇ
ਕੱਚੇ ਘੜੇ ਤੇ ਮੈਂ ਤੁਰਦੀ
ਵੇਖੀ ਰੱਬਾ ਖ਼ੈਰ ਕਰੀਂ
ਤੇਰੀ ਆਸ ਤੇ ਮੂਲ ਨਾ ਡਰਦੀ।
ਮੂੰਹ ਜ਼ੋਰ ਪਾਣੀਆਂ ਅੱਗੇ ਕੱਚਿਆਂ ਨੇ ਕਿੱਥੋਂ ਠਹਿਰਨਾ ਹੋਇਆ। ਸੋਹਣੀ ਅਜੇ ਥੋੜ੍ਹੀ ਦੂਰ ਹੀ ਗਈ ਸੀ ਕਿ ਘੜਾ ਖੁਰ ਗਿਆ। ਉਹ ਆਪਣੇ ਹੱਥ ਪੈਰ ਮਾਰਨ ਲੱਗੀ.... ਹੋਰ ਕੁਝ ਗਜ਼ ਵਧੀ.... ਕਹਿਰਾਂ ਦਾ ਪਾਣੀ ਵਗ ਰਿਹਾ ਸੀ! ਉਹਦਾ ਸਾਹ ਟੁੱਟਣ ਲੱਗਾ...।
"ਮਹੀਂਵਾਲਾ...ਮਹੀਂਵਾਲਾ.... ਆ ਮਿਲ ਲੈ ਮਹੀਂਵਾਲਾ...." ਤੇ ਸੋਹਣੀ ਦੀ ਆਵਾਜ਼ ਗੁਆਚ ਗਈ। ਪਾਣੀ ਦੀ ਇਕ ਤੇਜ਼ ਲਹਿਰ ਉਹਨੂੰ ਆਪਣੇ ਨਾਲ਼ ਵਹਾ ਕੇ ਲੈ ਗਈ।
ਬੜੇ ਜ਼ੋਰਾਂ ਦੀ ਬਿਜਲੀ ਕੜਕੀ। ਬਿਜਲੀ ਦੇ ਲਿਸ਼ਕਾਰੇ ਵਿੱਚ ਮਹੀਂਵਾਲ ਨੂੰ ਪਾਣੀਆਂ ਨਾਲ਼ ਘੋਲ ਕਰੇਂਦੀ ਸੋਹਣੀ ਵਿਖਾਈ ਦਿੱਤੀ।
"ਸੋਹਣੀਏਂ ਦਿਲ ਨਾ ਛੱਡੀ, ਮੈਂ ਆਇਆ।" ਮਹੀਂਵਾਲ ਨੇ ਆਪਣੇ ਪੂਰੇ ਜ਼ੋਰ ਨਾਲ਼ ਆਵਾਜ਼ ਮਾਰੀ ਅਤੇ ਦਰਿਆ ਵਿੱਚ ਛਾਲ ਮਾਰ ਦਿੱਤੀ।
ਪੰਜਾਬ ਦੇ ਲੋਕ ਨਾਇਕ/35