ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/83

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਉਲਟਾ ਪੂਰਨ ਤੇ ਤੋਹਮਤ ਲਾ ਦਿੱਤੀ ਕਿ ਉਹ ਉਹਦੇ ਵੱਲ ਮੈਲ਼ੀਆਂ ਨਜ਼ਰਾਂ ਨਾਲ਼ ਵੇਖਦਾ ਸੀ। ਉਹਨੇ ਸਲਵਾਨ ਨੂੰ ਪੂਰਨ ਵਿਰੁੱਧ ਭੜਕਾ ਦਿੱਤਾ... ਸਲਵਾਨ ਨੇ ਅੱਗੋਂ ਪੂਰਨ ਨੂੰ ਇਸ ਦੋਸ਼ ਬਦਲੇ ਕਤਲ ਕਰਨ ਦਾ ਹੁਕਮ ਦੇ ਦਿੱਤਾ।

ਜਲਾਦ ਪੂਰਨ ਨੂੰ ਕਤਲ ਕਰਨ ਲਈ ਲੈ ਤੁਰੇ... ਰਾਣੀ ਇਛਰਾਂ ਦਾ ਰੋਣ ਝਲਿਆ ਨਹੀਂ ਸੀ ਜਾਂਦਾ। ਜਲਾਦ ਪੂਰਨ ਦੀ ਮਾਸੂਮੀਅਤ ਤੋਂ ਜਾਣੂੰ ਹੁੰਦੇ ਹੋਏ ਵੀ ਰਾਜੇ ਦਾ ਹੁਕਮ ਕਿਵੇਂ ਮੋੜਦੇ... ਜੰਗਲ 'ਚ ਜਾ ਕੇ ਉਹ ਉਹਨੂੰ ਇਕ ਵੈਰਾਨ ਖੂਹ 'ਚ ਧੱਕਾ ਦੇ ਆਏ... ਤੇ ਰਾਜੇ ਨੂੰ ਆਖ ਦਿੱਤਾ ਕਿ ਉਹ ਉਸ ਨੂੰ ਮਾਰ ਆਏ ਹਨ...

ਐਨ ਉਸੇ ਵੇਲ਼ੇ ਨਾਥ ਜੋਗੀਆਂ ਦਾ ਇਕ ਟੋਲਾ ਉਸ ਖੂਹ ਤੇ ਆ ਉਤਰਿਆ... ਇਕ ਜੋਗੀ ਨੇ ਪਾਣੀ ਭਰਨ ਲਈ ਜਦੋਂ ਖੂਹ ਵਿੱਚ ਡੌਲ ਫਰ੍ਹਾਇਆ... ਕਿਸੇ ਪੁਰਸ਼ ਦੀ ਆਵਾਜ਼ ਉਸ ਨੂੰ ਸੁਣਾਈ ਦਿੱਤੀ। ਉਹਨੇ ਜੋਗੀਆਂ ਕੋਲ਼ ਆ ਕੇ ਗੱਲ ਕੀਤੀ.. ਉਹਨਾਂ ਪੂਰਨ ਨੂੰ ਖੂਹ ਵਿੱਚੋਂ ਕੱਢ ਲਿਆ।

ਪੂਰਨ ਤਿਆਗ ਦੀ ਮੂਰਤ ਬਣਿਆ ਖੜੋਤਾ ਸੀ... ਉਹਨੇ ਗੋਰਖ ਨਾਥ ਦੇ ਚਰਨਾਂ 'ਚ ਆਪਣੇ ਆਪ ਨੂੰ ਅਰਪਣ ਕਰ ਦਿੱਤਾ... ਗੋਰਖ ਨੇ ਪੂਰਨ ਦੇ ਕੰਨਾਂ 'ਚ ਮੁੰਦਰਾਂ ਪੁਆ ਕੇ ਜੋਗੀ ਬਣਾ ਦਿੱਤਾ...

ਜੋਗੀ ਬਣਿਆਂ ਪੂਰਨ ਪਹਿਲੇ ਦਿਨ ਗਲ 'ਚ ਬਗਲੀ ਪਾ ਕੇ ਭਿੱਛਿਆ ਮੰਗਣ ਲਈ ਰਾਣੀ ਸੁੰਦਰਾਂ ਦੇ ਮਹਿਲੀਂ ਗਿਆ। ਗੋਲੀਆਂ ਪਾਸੋਂ ਜੋਗੀ ਦਾ ਰੂਪ ਝਲਿਆ ਨਾ ਗਿਆ.. ਉਹਨਾਂ ਰਾਣੀ ਸੁੰਦਰਾਂ ਨੂੰ ਆਪ ਜਾ ਕੇ ਖ਼ੈਰ ਪਾਉਣ ਲਈ ਆਖਿਆ.. ਰਾਣੀ ਹੀਰੇ ਮੋਤੀਆਂ ਦਾ ਥਾਲ ਭਰ ਕੇ ਲੈ ਆਈ ਤੇ ਪੂਰਨ ਦੀ ਬਗਲੀ 'ਚ ਉਲੱਦ ਦਿੱਤਾ।

ਹੀਰੇ ਮੋਤੀ ਭਲਾ ਜੋਗੀਆਂ ਦੇ ਕਿਸ ਕੰਮ ਹਨ——ਗੋਰਖ ਨੇ ਪੂਰਨ ਨੂੰ ਹੀਰੇ ਮੋਤੀਆਂ ਸਮੇਤ ਵਾਪਸ ਭੇਜ ਕੇ ਆਖਿਆ—— "ਰਾਣੀ ਨੂੰ ਆਖ ਸਾਨੂੰ ਤੇ ਪੱਕੀ ਰੋਟੀ ਚਾਹੀਦੀ ਹੈ... ਹੀਰੇ ਮੋਤੀ ਨਹੀਂ।"

ਰਾਣੀ ਸੁੰਦਰਾਂ ਪੂਰਨ ਨੂੰ ਵੇਖ ਕੇ ਪ੍ਰੇਮ ਦੀਵਾਨੀ ਹੋ ਗਈ। ਉਹਨੇ ਆਪਣੀ ਨਿਗਰਾਨੀ ਵਿੱਚ ਛੱਤੀ ਪ੍ਰਕਾਰ ਦੇ ਭੋਜਨ ਤਿਆਰ ਕਰਵਾਏ। ਨੰਗੇ ਪੈਰੀਂ... ਗੋਰਖ ਦੇ ਟਿਲੇ 'ਤੇ ਪੁੱਜ ਗਈ ਤੇ ਗੋਰਖ ਦੇ ਚਰਨਾਂ 'ਚ ਸੀਸ ਨਿਵਾ ਦਿੱਤਾ।

ਪਿਆਰ ਤੇ ਸ਼ਰਧਾ 'ਚ ਬਣਾਏ ਭੋਜਨ ਨੂੰ ਛੱਕ ਕੇ ਗੋਰਖ ਤਰੁੱਠ ਪਿਆ।

"ਰਾਣੀ ਮੰਗ ਜੋ ਮੰਗਣੈਂ... ਤੇਰੀ ਹਰ ਮੁਰਾਦ ਪੂਰੀ ਹੋਵੇਗੀ।"

"ਕਿਸੇ ਚੀਜ਼ ਦੀ ਲੋੜ ਨਹੀਂ ਨਾਥ ਜੀ।"

ਗੋਰਖ ਮੁੜ ਬੋਲਿਆ, "ਅਜੇ ਵੀ ਮੰਗ ਲੈ।"

"ਨਾਥ ਜੀ ਥੋਡੀ ਅਸ਼ੀਰਵਾਦ ਹੀ ਬਹੁਤ ਐ।"

ਸੁੰਦਰਾਂ ਭਾਵਕ ਹੋਈ ਆਖ ਰਹੀ ਸੀ।

"ਤੀਜਾ ਬਚਨ ਐ.... ਮੰਗ ਲੈ ਰਾਣੀਏਂ"

ਪੰਜਾਬ ਦੇ ਲੋਕ ਨਾਇਕ/79