ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/90

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

"ਹੁਸਨ ਦੀਏ ਪਰੀਏ ਤੂੰ ਕੱਲੀ ਕੀ ਸਾਰੀਆਂ ਸਹੇਲੀਆਂ ਨੂੰ ਨਾਲ ਲੈ ਕੇ ਪੀਂਘ ਤੇ ਚੜ੍ਹ ਜਾ, 'ਕੱਠੀਆਂ ਨੂੰ ਝੂਟਾ ਦੇ ਦੇਂਦਾ ਹਾਂ।" ਰਸਾਲੂ ਨੇ ਆਪਣੇ ਡੌਲ਼ਿਆਂ 'ਤੇ ਮਾਣ ਕਰਦਿਆਂ ਆਖਿਆ।

ਰਾਜਕੁਮਾਰੀ ਆਪਣੀਆਂ ਸੱਤਾਂ ਸਹੇਲੀਆਂ ਸਮੇਤ ਪੀਂਘ ਤੇ ਚੜ੍ਹ ਗਈ, ਰਾਜਾ ਰਸਾਲੂ ਨੇ ਪੀਂਘ ਨੂੰ ਅਜਿਹਾ ਜ਼ੋਰਦਾਰ ਝੂਟਾ ਦਿੱਤਾ ਕਿ ਪੀਂਘ ਅੱਧ ਅਸਮਾਨੇ ਪੁੱਜ ਗਈ, ਮੁੜਦੀ ਹੋਈ ਪੀਂਘ ਤੇ ਰਸਾਲੂ ਨੇ ਤਲਵਾਰ ਨਾਲ਼ ਵਾਰ ਕਰਕੇ ਦੋ ਟੋਟੇ ਕਰ ਦਿੱਤੇ ਤੇ ਸਾਰੀਆਂ ਲੋਟ-ਪੋਟ ਹੋਈਆਂ ਧਰਤੀ 'ਤੇ ਡਿੱਗ ਪਈਆਂ! ਕਈਆਂ ਦੇ ਸੱਟਾਂ ਵੱਜੀਆਂ... ਰਾਜੇ ਨੂੰ ਇਸ ਘਟਨਾ ਦਾ ਪਤਾ ਲੱਗਾ। ਉਹ ਘਬਰਾ ਗਿਆ.... ਰਾਜਾ ਰਸਾਲੂ ਦੇ ਪੁੱਜਣ ਦੀ ਖ਼ਬਰ ਉਹਨੂੰ ਮਿਲ਼ ਗਈ ਸੀ! ਰਸਾਲੂ ਨੇ ਸ਼ਹਿਰ ਦੇ ਦੁਆਰ ਤੇ ਪਏ ਸਿਰਕੱਪ ਦੇ ਦਸਾਂ ਦੇ ਦਸ ਧੌਂਸੇ ਪਹਿਲਾਂ ਹੀ ਭੰਨ ਦਿੱਤੇ ਸਨ। ਰਸਾਲੂ ਸਿਰਕੱਪ ਦੇ ਦਰਬਾਰ ਵਿੱਚ ਪੁੱਜ ਗਿਆ ਤੇ ਉਹਦੇ ਨਾਲ਼ ਚੌਪਟ ਖੇਡਣ ਦੀ ਇੱਛਿਆ ਪ੍ਰਗਟਾਈ। ਸਿਰਕੱਪ ਨੇ ਆਖਿਆ ਕਿ ਜਿਹੜਾ ਹਾਰੇ ਉਹ ਆਪਣੀ ਸਾਰੀ ਦੌਲਤ, ਰਾਜ ਅਤੇ ਆਪਣਾ ਸਿਰ ਦੇਵੇਗਾ।

ਸਿਰਕੱਪ ਦੀਆਂ ਸ਼ਰਤਾਂ ਅਨੁਸਾਰ ਚੌਪਟ ਦੀ ਬਾਜ਼ੀ ਸ਼ੁਰੂ ਹੋਈ। ਸਿਰਕੱਪ ਚੌਪਟ ਖੇਡਣ ਸਮੇਂ ਆਪਣੇ ਵਿਰੋਧੀ ਦੀ ਵਿਰਤੀ ਉਖੇੜਨ ਲਈ ਕਈ ਛਲ ਤੇ ਹੱਥਕੰਡੇ ਵਰਤਦਾ ਸੀ... ਉਹਨੇ ਆਪਣੇ ਸੱਜੇ ਖੱਬੇ ਆਪਣੀਆਂ ਖੂਬਸੂਰਤ ਰਾਣੀਆਂ ਅਤੇ ਧੀਆਂ ਬਿਠਾ ਲਈਆਂ। ਜਦੋਂ ਵਿਰੋਧੀ ਖਿਡਾਰੀ ਰਾਣੀ ਵੱਲ ਧਿਆਨ ਕਰਦਾ ਤਾਂ ਧੀ ਹੌਲੇ ਦੇਣੇ ਗੋਟ ਹਲਾ ਦੇਂਦੀ ਤੇ ਜਦੋਂ ਧੀ ਵੱਲ ਧਿਆਨ ਜਾਂਦਾ ਤਾਂ ਰਾਣੀ ਵੀ ਅਜਿਹਾ ਹੀ ਕਰਦੀ——ਇਸ ਤਰ੍ਹਾਂ ਖਿਡਾਰੀ ਦਾ ਧਿਆਨ ਉੱਖੜ ਜਾਂਦਾ ਤੇ ਉਹ ਬਾਜ਼ੀ ਹਾਰ ਜਾਂਦਾ। ਰਸਾਲੂ ਦਾ ਧਿਆਨ ਖਿਡਾਉਣ ਲਈ ਵੀ ਅਜਿਹਾ ਹੀ ਕੀਤਾ ਗਿਆ ਪਰੰਤੂ ਰਸਾਲੂ ਪੂਰੇ ਧਿਆਨ ਨਾਲ਼ ਚੌਪਟ ਖੇਡਦਾ ਰਿਹਾ.... ਰਾਣੀਆਂ ਦੇ ਹੁਸਨ ਦਾ ਜਾਦੂ ਰਸਾਲੂ 'ਤੇ ਨਾ ਚੱਲਿਆ। ਉਹ ਪਹਿਲੀ ਬਾਜ਼ੀ ਜਿੱਤ ਗਿਆ...

ਦੂਜੀ ਬਾਜ਼ੀ ਸ਼ੁਰੂ ਹੋਈ.... ਸਿਰਕੱਪ ਨੇ ਰਾਣੀਆਂ ਦੀ ਥਾਂ 'ਤੇ ਆਪਣੇ ਆਲ਼ੇ-ਦੁਆਲ਼ੇ ਕਈ ਨਫਰ ਬਹਾ ਲਏ ਜੋ ਰਾਜਾ ਰਸਾਲੂ ਦਾ ਧਿਆਨ ਉਖੇੜਨ ਲਈ ਉਹਦੇ ਪਾਸੋਂ ਬੁਝਾਰਤਾਂ ਪੁੱਛਣ ਲੱਗੇ.... ਰਸਾਲੂ ਬੁਝਾਰਤਾਂ ਵੀ ਬੁੱਝਦਾ ਰਿਹਾ ਤੇ ਨਾਲ਼ੋ-ਨਾਲ਼ ਆਪਣੀ ਚਾਲ ਵੀ ਚੱਲਦਾ ਰਿਹਾ.... ਉਹ ਦੂਜੀ ਬਾਜ਼ੀ ਵੀ ਜਿੱਤ ਗਿਆ।

ਤੀਜੀ ਬਾਜ਼ੀ ਸਿਰ ਦੀ ਬਾਜ਼ੀ ਸੀ..... ਸਿਰਕੱਪ ਦਾ ਤੀਜਾ ਛਲ ਇਹ ਸੀ ਕਿ ਉਹ ਖੇਡਣ ਸਮੇਂ ਸਿਧਾਈਆਂ ਹੋਈਆਂ ਦੋ ਚੂਹੀਆਂ ਕੱਢ ਲੈਂਦਾ ਜੋ ਹੌਲੀ ਦੇਣੇ ਚੌਪਟ ਉੱਤੋਂ ਲੰਘ ਕੇ ਗੋਟਾਂ ਨੂੰ ਹਿਲਾ ਦੇਂਦੀਆਂ ਪਰੰਤੂ ਰਸਾਲੂ ਨੇ ਉਹਦਾ ਇਹ ਛਲ ਵੀ ਚੱਲਣ ਨਾ ਦਿੱਤਾ। ਉਹਨੇ ਆਪਣੀ ਜੇਬ ਵਿੱਚੋਂ ਬਲੂੰਗੜਾ ਕੱਢ ਕੇ ਆਪਣੇ ਕੋਲ਼ ਬਹਾ ਲਿਆ ਜਿਸ ਤੋਂ ਡਰ ਕੇ ਚੂਹੀਆਂ ਚੌਪਟ ਵੱਲ ਆਈਆਂ ਹੀ ਨਾ ਜਿਸ ਕਰਕੇ ਰਸਾਲੂ ਬਾਜ਼ੀ ਜਿੱਤ ਗਿਆ। ਸਿਰਕੱਪ ਸਿਰ ਦੀ ਬਾਜ਼ੀ ਹਾਰ ਗਿਆ। ਐਨ ਉਸੇ ਸਮੇਂ ਇਕ

ਪੰਜਾਬ ਦੇ ਲੋਕ ਨਾਇਕ/86