ਪੰਨਾ:ਪੰਜਾਬ ਦੇ ਹੀਰੇ.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਨੂੰ ਭੀ ਸ਼ਾਮਲ ਕਰ ਲਿਆ ਗਿਆ। ਪੰਜਾਬੀ ਦੇ ਸ਼ਾਇਰ ਵੀ ਇਨ੍ਹਾਂ ਮੁਸ਼ਾਇਰਿਆਂ ਵਿਚ ਹਿੱਸਾ ਲੈਣ ਲਗ ਪਏ ਪਰ ਥੋੜੇ ਚਿਰ ਦੇ ਬਾਦ ਹੀ ਵਖੋ ਵਖ ਹੋ ਗਏ। ਇਨ੍ਹਾਂ ਮੁਸ਼ਾਇਰਿਆਂ ਤੋਂ ਪਹਿਲਾਂ ਪੰਜਾਬੀ ਸ਼ਾਇਰ ਆਮ ਤੌਰ ਤੇ ਬੈਂਤ ਬਾਜ਼ ਹੋਇਆ ਕਰਦੇ ਸਨ, ਜੋ ਸਾਧਾਰਣ ਇਸ਼ਕੀਆ ਬੈਂਤ ਲਿਖਦੇ ਸਨ ਤੇ ਬਹੁਤ ਕਰਕੇ ਮੇਲਿਆਂ ਦੇ ਮੌਕਿਆਂ ਤੇ ਸੁਰੀਲੀ ਆਵਾਜ਼ ਨਾਲ ਸੁਣਾਇਆ ਕਰਦੇ ਸਨ ਤੇ ਖਲਕਤ ਦੁਆਲੇ ਪਿੜ ਬੰਨ੍ਹ ਕੇ ਖਲੋ ਜਾਂਦੀ ਸੀ। ਉਨ੍ਹਾਂ ਦਿਨਾਂ ਵਿਚ ਚਿੰਤਪੁਰਨੀ (ਹੁਸ਼ਿਆਰਪੁਰ) : ਕਾਸਤੀਵਾਲ (ਗੁਰਦਾਸਪੁਰ) ਅਚਲ (ਵਟਾਲਾ) ਮੁਕਤਸਰ (ਫੀਰੋਜ਼ ਪੁਰ) ਰੋਸ਼ਨੀ ਦਾ ਮੇਲਾ (ਲੁਦਿਹਾਣਾ) ਛਪਾਰ ਦਾ ਮੇਲਾ, ਚਵਿੰਡਾ ਦੇਵੀ ਅੰਮ੍ਰਿਤਸਰ, ਲਾਹੌਰ ਆਦਿਕ ਥਾਈਂ ਵਡੇ ਵਡੇ ਮੇਲਿਆਂ ਉਤੇ ਇਹੋ ਜਹੇ ਬੈਂਤ ਬਾਜ਼ ਸ਼ਾਇਰ ਦੂਰ ਦੂਰ ਤੋਂ ਅਪੜ ਜਾਇਆ ਕਰਦੇ ਸਨ ਅਰ ਆਪਣੀ ਰਸੀਲੀ ਆਵਾਜ਼ ਨਾਲ ਉਚੀ ਉਚੀ ਗਾ ਕੇ ਦਰਸ਼ਕਾਂ ਨੂੰ ਪ੍ਰਸੰਨ ਕੀਤਾ ਕਰਦੇ ਸਨ।

ਪਰ ਜਦੋਂ ਸ਼ਮਸੁਲ ਉਲਮਾ ਮੁਹੰਮਦ ਹੁਸੈਨ ਆਜ਼ਾਦ ਤੇ ਡਾਇਰੈਕਟਰ ਮਹਿਕਮਾ ਤਾਲੀਮ ਪੰਜਾਬ ਨੇ ਉਰਦੂ ਫਾਰਸੀ ਮੁਸ਼ਾਇਰਿਆਂ ਦਾ ਮੁਢ ਬੱਧਾ ਅਰ ਉਨ੍ਹਾਂ ਵਿਚ ਪੰਜਾਬੀ ਸ਼ਾਇਰਾਂ ਨੂੰ ਵੀ ਕਵਿਤਾ ਬਣਾ ਕੇ ਲਿਆਉਣ ਦਾ ਸੱਦਾ ਦਿਤਾ ਤਾਂ ਉਨ੍ਹਾਂ ਮੁਸ਼ਾਇਰਿਆਂ ਵਿਚ ਰਫੀਕ, ਆਗ ਅਲੀ ਖਾਂ, ਗਾਮੂੰ ਖਾਂ, ਅਰੂੜਾ ਰਾਇ, ਸਯਦ ਫਜ਼ਲ ਸ਼ਾਹ ਤੇ ਮੀਆਂ ਹਦਾਇਤਉਲਾ ਆਦਿਕ ਸਜਣ ਸ਼ਾਮਲ ਹੋਣ ਲਗ ਪਏ ਅਰ ਇਸਤੋਂ ਬਾਦ ਵਖਰੇ ਪੰਜਾਬੀ ਮੁਸ਼ਾਇਰੇ ਭੀ ਕਰਨ ਲਗ ਪਏ। ਏਹ ਮੁਸ਼ਾਇਰੇ ਆਮ ਤੌਰ ਪਰ ਨਵਾਬ ਗੁਲਾਬ ਮਹਬੂਬ ਸੁਬਹਾਨੀ ਦੇ ਮਕਾਨ ਭਾਟੀ ਦਰਵਾਜ਼ੇ, ਜਾਂ ਮੱਤੀ ਦੇ ਚੌਕ ਤੇ ਮੋਚੀ ਦਰਵਾਜ਼ੇ ਦੇ ਬਾਹਰ ਲਾਹੌਰ ਵਿਚ ਅਤੇ ਅਮ੍ਰਿਤਸਰ ਵਿਚ ਕੋਠੀ ਸੰਤ ਰਾਮ ਸਪੜਾ, ਤਲਾਬ ਦੁਰਗਿਆਣਾ, ਰਾਮ ਤਲਾਈ, ਕਿਲੇ ਦੀ ਪਰੇਡ ਫਤੇਸ਼ਾਹ ਦੇ ਮਿਜ਼ਾਰ ਕੋਲ, ਇਸੇ ਤਰਾਂ ਵਟਾਲੇ ਤੇ ਗੁਜਰਾਂਵਾਲੇ ਆਦਿਕ ਥਾਈਂ ਇਹ ਪਿੜ ਬਝਣ ਲਗ ਪਏ।

ਸੰਨ ੧੮੭੫ ਤੋਂ ੧੯੧੨ ਤਕ ਪੰਜਾਬੀ ਮੁਸ਼ਾਇਰਆਂ ਦਾ ਬੜਾ ਜ਼ੋਰ ਰਿਹਾ। ਪਹਿਲੇ ਬੈਂਤ ਬਾਜ਼ੀ ਤੋਂ ਸ਼ੁਰੂ ਹੋਈ ਫਿਰ ਹੌਲੀ ਹੌਲੀ ਗਜ਼ਲਾਂ, ਖਮਸੇ ਆਦਿਕ ਭੀ ਲਿਆਉਣ ਲਗੇ। ਇਸ ਸਾਰੀ ਮੁੜਤ ਵਿਚ ਸਿਖ ਕਵੀ ਕਰੀਬਨ ਅਲਗ ਥਲਗ ਰਹੇ; ਹਿੰਦੂ ਮੁਸਲਮਾਨ ਸਾਂਝੇ ਮੁਸ਼ਾਇਰੇ ਕਰਦੇ ਸਨ।

ਸੰਨ ੧੯੨੦ ਤੋਂ ਸਿੱਖਾਂ ਵਿਚ ਗੁਰਪੁਰਬਾਂ ਜਾਂ ਹੋਰ ਧਾਰਮਕ ਇਕੱਠਾਂ ਦੇ ਮੌਕਿਆਂ ਪਰ ਕਵੀ ਦਰਬਾਰ ਕਰਨ ਦੀ ਪ੍ਰਪਾਟੀ ਚਲ ਪਈ। ਇਹ ਰਿਵਾਜ ਸਿਖ ਐਜੂਕੇਸ਼ਨਲ ਕਾਨਫ੍ਰੰਸਾਂ ਪਰ ਸ਼ਾਇਦ ੧੯੧੭-੧੮ ਵਿਚ ਪਿਆ। ਉਸ ਦੇ ਬਾਦ ਹਿੰਦੂ ਅਤੇ ਮੁਸਲਮਾਨ ਕਵੀਆਂ ਨੇ ਭੀ ਬਰਾਬਰ ਦਾ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ । ਹਰੇਕ ਸ਼ਹਿਰ ਵਿਚ, ਸਿੰਘ ਸਭਾਵਾਂ ਦੇ ਸਾਲਾਨਾ ਜਲਸਿਆਂ ਉਤੇ ਉਚੇਚੇ ਕਵੀ ਦਰਬਾਰ ਰਚਾਏ ਜਾਂਦੇ ਅਤੇ ਕਵੀਆਂ ਨੂੰ ਕਾਫ਼ੀ ਉਪਹਾਰ ਪੇਸ਼ ਕੀਤੇ ਜਾਂਦੇ ਸਨ। ਇਹ ਰਿਵਾਜ ਭਾਵੇਂ ਅਗੇ ਨਾਲੋਂ ਬਹੁਤ ਮੱਠਾ ਪੈ ਰਿਹਾ ਹੈ, ਪਰ ਕਵੀ ਦਰਬਾਰ ਦੀ ਖਿਚ ਨਾਲ ਜਲਸਿਆਂ ਦੀ ਰੌਣਕ ਬਹੁਤ ਹੋ ਜਾਇਆ ਕਰਦੀ ਸੀ।

-੧੪-