ਸਮੱਗਰੀ 'ਤੇ ਜਾਓ

ਪੰਨਾ:ਪੰਥਕ ਪ੍ਰਵਾਨੇ.pdf/108

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੧੦)


ਦੋਹਾਂ ਵਿਚ ਲਗ਼ੇ ਢੇਰ ਮੁਰਦਿਆਂ ਦੇ,
ਰੋ ਰੋ ਦੇਣ ਜ਼ਖਮੀ ਕਲਕਾਰੀਆਂ ਨੂੰ।
ਬਿਜਲੀ ਵਾਂਗ ਫਿਰਦੀ ਚੰਡੀ ਖਾਲਸੇ ਦੀ,
ਭਾਜੜ ਪਈ ਫੌਜਾਂ ਗੁਰੂ ਮਾਰੀਆਂ ਨੂੰ।
ਜਸਾ ਸਿੰਘ ਅਣਖੀ ਜੋਧੇ ਰਾਮਗੜੀਏ,
ਸ਼ਿਸ਼ਤ ਬੰਨਕੇ ਗੋਲੀ ਚਲਾਈ ਚੰਗੀ।
ਸ਼ਾਹ ਨੁਵਾਜ਼ ਨੂੰ ਸੁਟਿਆ ਪਾੜ ਥਲੇ,
ਪੈਜ ਨਾਮ ਦੀ ਸਿੰਘਾਂ ਰਖਾਈ ਚੰਗੀ।
ਭੋਮਾਂ ਸਿੰਘ ਜੋਧੇ ਪਿਛੋਂ ਮਾਰ ਹੱਲਾ,
ਕੁਤੇ ਖਾਨ ਦਾ ਸੀਸ ਜਾ ਕਟਿਆ ਈ।
ਨੇਜ਼ੇ ਉਤੇ ਜਵਾਨ ਨੇ ਟੰਗ ਉਚਾ,
ਕੌੜਾ ਮਲ ਅਗੇ ਆਨ ਸਟਿਆ ਈ।
ਸ਼ਾਹ ਨੁਵਾਜ਼ ਦੀ ਨਸ ਗਈ ਫੌਜ ਸਾਰੀ,
ਤੰਬੂ ਆਸ ਉਮੈਦ ਦਾ ਪਟਿਆ ਈ।
ਅੰਗ ਦੋਸਤੀ ਦਾ ਪਾਲ ਬਰਕਤ ਸਿੰਘਾ,
ਸਿੰਘਾਂ ਜਸ ਜਹਾਨ ਤੇ ਖਟਿਆ ਈ।
ਰਜ ਲੁਟਿਆ ਸ਼ੈਹਰ ਮੁਲਤਾਨ ਸਾਰਾ,
ਕਬਜ਼ੇ ਆਪਨੇ ਕਰ ਲਿਆ ਕਿਲੇ ਤਾਈਂ।
ਚਾਉ ਵਿਚ ਨਾ ਮੇਵੇ ਦੀਵਾਨ ਜਾਮੇ,
ਹਦੋਂ ਵਧ ਹੋਈ ਖੁਸ਼ੀ ਦਿਲੇ ਤਾਈਂ।
[ਦੋਹਰਾ]
ਠਾਰਾਂ ਸੌ ਨੌਂ ਬਿਕ੍ਰਮੀ, ਜਿਤ ਸਿੰਘਾਂ ਮੁਲਤਾਨ।
ਦਿਤਾ ਕੌੜਾ ਮਲ ਨੂੰ, ਲਾਕੇ ਟਿੱਲ ਮਹਾਨ॥