(੧੧)
ਪਿਛੋਂ ਤਕ ਤਕ ਮਾਰਨ ਗੜੀ ਚੋਂ, ਗੁਰੂ ਬਾਜਾਂ ਵਾਲੇ ਤੀਰ।
ਹਿਕਾਂ ਚੋਂ ਸੁਕੇ ਲੰਘਦੇ, ਕਠੇ ਦਸ ਦਸ ਜ਼ਾਲਮ ਚੀਰ।
ਗਲ ਮੁਗਲਾਂ ਪੈ ਗਏ ਸੂਰਮੇ, ਜਿਉਂ ਚੰਬੜ ਗਿਆ ਮਖੀਰ।
ਹੜ ਲਹੂ ਦਾ ਰਣ ਵਿਚ ਵਗਦਾ, ਉਤੇ ਲਗੇ ਤਰਨ ਸਰੀਰ।
ਜਿਹਨੂੰ ਰੋਹ ਦੇ ਅੰਦਰ ਮਾਰਦੇ, ਹੋ ਪਬਾਂ ਪਰਨੇ ਬੀਰ।
ਇੰਜ ਘੋੜਿਓਂ ਹੇਠਾਂ ਡਿਗਦਾ, ਟੁਟਾ ਲਕੋਂ ਜਿਵੇਂ ਛਤੀਰ।
ਵਰ ਲੈ ਮਨ ਭੌਂਦੇ ਰਾਂਝਣੇ, ਚੁਣ ਚੁਣ ਕੇ ਹੋਣੀ ਹੀਰ।
ਜਿਓਂ ਪੈਣ ਅਕਾਸ਼ੋਂ ਬਿਜਲੀਆਂ, ਉਹ ਫੜਨ ਨਾਂ ਦੇਵਨ ਧੀਰ।
ਇਉਂ ਲੈ ਸਿੰਘ ਸੂਰੇ ਚੰਡੀਆਂ, ਕਪ ਕਪ ਸਟਦੇ ਬੇ-ਪੀਰ।
ਭੁਖੇ ਬਾਜ਼ ਨੂੰ ਜਾਂਦੀ ਡਾਰ ਵਿਚ, ਮਨ ਆਈ ਖਾਂਦੇ ਖੀਰ।
ਪਏ ਤੋਬਾ ਤੋਬ ਪੁਕਾਰਦੇ, ਸਾਨੂੰ ਲੈ ਆਈ ਤਕਸੀਰ।
ਕਦੇ ਫੇਰ ਨਾਂ ਆਈਏ ਸਾਹਮਨੇ, ਲਖ ਆਖੇ ਆਲਮਗੀਰ।
ਉ ਮੇਰਿਆ ਮਾਲਕਾ।
[ਸਾਹਿਬਜ਼ਾਦੇ ਸ਼ਹੀਦ]
ਹਥ ਲੌਂਦੇ ਕੰਨੀ ਫੌਜਦਾਰ, ਐਹ ਬਾਲ ਅੰਜਾਣੇ।
ਵਿਚ ਰਣ ਦੇ ਕੋਹ ਕੋਹ ਖਾ ਰਹੇ, ਖਾਂ ਦੁੰਬੇ ਖਾਣੇ।
ਪੈ ਚੁਣ ਚੁਣ ਮੋਛੇ ਪਾਂਵਦੇ, ਚਬ ਕਚ ਦਾਣੇ।
ਤੁਸਾਂ ਪਰਬਤਾਂ ਜਹੇ ਸਰੀਰ ਨੂੰ, ਹਨ ਲੰਬੂ ਲਾਣੇ।
ਫੜ ਲੌ ਘੇਰਾ ਘਤਕੇ, ਸਾਰੇ ਜਰਵਾਣੇ।
ਤਾਂ ਆਹੁਦੇ ਆਲਮਗੀਰ ਤੋਂ, ਲੈ ਲੌ ਮਨ ਭਾਣੇ।
[ਤਥਾ]
ਦਲ ਪੈ ਗਿਆ ਭਾਰੀ ਟੁਟਕੇ, ਲੈ ਨੇਜ਼ੇ ਖੰਡੇ।
ਉਹਨਾਂ ਮਾਰੇ ਨਾਹਰੇ ਅਕਬਰੀ, ਵਧ ਖੰਜਰ ਛੰਡੇ।