ਪੰਨਾ:ਪੱਕੀ ਵੰਡ.pdf/102

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਨਵਾਬ ਨੇ ਕਾਸਮ ਵਾਸਤੇ ਭੱਜ ਨੱਠ ਕੀਤੀ ਅਤੇ ਝੱਟ ਮੰਗਣੀ ਤੇ ਪੱਟ ਵਿਆਹ ਕਰਕੇ ਭਤੀਜਾ ਵਿਆਹ ਲਿਆ। ਚਲੋਂ ਚੁੱਲਾ ਤਪੇਗਾ ਨਾਲੇ ਹਾਸ਼ਮ ਦੀ ਸਾਂਭ ਸੰਭਾਲ ਹੋ ਜਾਵੇਗੀ।

ਕਾਸਮ ਦੇ ਲੜ ਲਗੀ ਫਜਲਾਂ ਦਾ ਸੁਭਾ ਚੰਗਾ ਸੀ। ਉਸ ਆਉਂਦਿਆ ਘਰ ਸਾਂਭ ਲਿਆ। ਉਹ ਰੋਟੀ ਤੋਂ ਬਿਨਾਂ ਮਾਂ ਮ੍ਹਿਟਰ ਹਾਸ਼ਮ ਦੀ ਵੀ ਚੰਗੀ ਦੇਖ ਭਾਲ ਕਰਦੀ। ਪਰ ਮਾੜੇ ਭਾਗਾਂ ਨੂੰ ਮਹੀਨੇ ਪਿਛੋਂ ਫਜਲਾਂ ਦੀ ਪਖੰਡਣ ਅਤੇ ਅਤਿ ਕਮੀਨੀ ਮਾਂ ਨੇ ਆ ਡੇਰੇ ਲਾਏ। ਧੀ ਹੀ ਧੀ ਸੀ ਅਤੇ ਹੋਰ ਉਹਦਾ ਫਜਲਾਂ ਤੋਂ ਬਿਨਾਂ ਕੋਈ ਨਹੀਂ ਸੀ। ਫੱਫੇ ਕੁਟਣੀ ਬੁੜੀ ਨੇ ਆਉਂਦਿਆਂ ਹੀ ਘਰ ਵਿੱਚ ਸੇਹ ਦੇ ਤੱਕਲੇ ਗੱਡ ਦਿੱਤੇ। "ਵੇਖ ਧੀਏ, ਕਿਸੇ ਦੀ ਪੰਡ ਤੂੰ ਕਿਉਂ ਚੁੱਕੇ। ਇਸ ਚੰਦਰੇ ਨੇ ਜੰਮਦਿਆਂ ਹੀ ਮਾਂ ਨੂੰ ਖਾ ਲਿਆ। ਇਹਦੀ ਤਾਂ ਛੋਹ ਹੀ ਚੰਦਰੀ ਏ। ਕੱਲ ਨੂੰ ਤੇਰੇ ਵੀ ਕੋਈ ਬਾਲ ਹੋਵੇਗਾ। ਇਸ ਨੂੰ ਪਰਾਂ ਹੀ ਰੱਖਿਆ ਕਰ।"

ਫਿਰ ਸਾਰਾ ਸਾਰਾ ਦਿਨ ਅਲਾਣੀ ਮੰਜੀ ਤੇ ਪਿਆ ਨਿੱਕਾ ਜਿਹਾ ਹਾਸਮ ਟਿਆਂਕਦਾ ਰਹਿੰਦਾ।

ਨਵਾਬ ਲਈ ਇੱਕ ਨਵੀਂ ਮੁਸੀਬਤ ਖੜੀ ਹੋ ਗਈ। ਮਮਤਾ ਦੇ ਮਾਰੇ ਤੋਂ ਹਾਸਮ ਦਾ ਰੋਣਾ ਸਹਿਆ ਨਾ ਜਾਂਦਾ। ਇਕ ਦੋ ਵਾਰ ਉਸ ਫਸਲਾਂ ਨੂੰ ਆਖਿਆ ਪਰ ਬੱਢੀ ਪਹਿਲਾਂ ਹੀ ਪਟਾਕ ਪੈਂਦੀ, "ਹਾਂ ਹਾਂ ਹਸਾਏ ਦਾ ਕਿਹੜਾ ਨਾਂ ਏ। ਰੋਂਦੇ ਦੇ ਹੀ ਉਲਾਂਭੇ ਹੁੰਦੇ ਨੇ।"

ਨਵਾਬ ਦਿਲ ਹੀ ਦਿਲ ਬੁਝ ਗਿਆ। ਕਾਸਮ ਨੂੰ ਉਸ ਕਿਹਾ ਪਰ ਪਾਸਾ ਹੀ ਪੁੱਠਾ ਪਿਆ।

ਚਾਚਾ, ਤੇਰੇ ਮੁੰਡੇ ਪਿੱਛੇ ਮੈਂ ਹੁਣ ਜਨਾਨੀ ਤਾਂ ਨਹੀਂ ਘਰੋਂ ਕੱਢ ਦੇਣੀ। ਜੇ ਤੈਥੋਂ ਨਹੀਂ ਜਰਿਆ ਜਾਂਦਾ। ਕੰਮ ਅੱਡ ਕਰ ਲੈ।"

ਕਾਸਮ ਤਾਂ ਪੂਰਾ ਯਾਨੀ ਫਜਲਾ ਤੋਂ ਵੀ ਵਧ ਸੱਸ ਦੀ ਉਂਗਲੀ ਤੇ ਚੜ੍ਹ ਗਿਆ ਹੋਇਆ ਸੀ। ਨਵਾਬ ਨੂੰ ਇਹ ਉਮੀਦ ਹੀ ਨਹੀਂ ਸੀ ਕਿ ਜਿਸ ਭਤੀਜੇ ਨੂੰ ਉਹ ਐਨਾ ਪਿਆਰ ਦਿੰਦਾ ਰਿਹਾ ਉਹ ਐਨਾ ਰੁੱਖਾ ਅਤੇ ਮੂੰਹ ਪਾੜ ਬੋਲੇਗਾ।

102