ਪੰਨਾ:ਪੱਕੀ ਵੰਡ.pdf/142

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸ਼ੀਲਾ ਦਾ ਜਿਵੇਂ ਸ਼ੀਸ਼ ਮਹਿਲ ਟੁੱਟ ਗਿਆ। ਬਿਜਲੀ ਜਹੀ ਡਿੱਗ ਪਈ ਜਿਹੜੀ ਨਸ ਨਸ ਲੂਹ ਗਈ। ਮੋਹਨ ਵੀ ਭਾਵੇਂ ਇਹ ਗਲ ਕਹਿ ਗਿਆ ਪਰ ਸੂਲਾਂ ਉਹਦਾ ਵੀ ਲੂੰ ਲੂੰ ਵਿੰਨ੍ਹ ਗਈਆਂ। ਸ਼ੀਲਾ ਨੇ ਪੂਰੇ ਤਰਾਣ ਨਾਲ ਅੱਖਾਂ ਨੂੰ ਛਲਕਣ ਤੋਂ ਰੋਕਿਆ ਅਤੇ ਕਿਹਾ:

"ਮੋਹਨ, ਮੈਨੂੰ ਆਪਣੀ ਮਜ਼ਬੂਰੀ ਦਸੋਗੇ?"

"ਹਾਂ ਸ਼ੀਲਾ, ਮੈਂ ਕਿਸੇ ਹੋਰ ਦਾ ਬਚਨ ਬੱਧ ਹਾਂ।"

ਸ਼ੀਲਾ ਨੇ ਪੁਛਿਆ, "ਉਹ ਕੋਣ ਖੁਸ਼ਕਿਸਮਤ ਏ? ਮੈਂ ਜਾਣ ਸਕਦੀ ਹਾਂ?"

ਮੋਹਨ ਨੇ ਪੀੜ ਵਸ ਹੋ ਕੇ ਕਿਹਾ, "ਸ਼ੀਲਾ, ਯਕੀਨ ਮੰਨ ਮੈਂ ਉਸਨੂੰ ਨਹੀਂ ਜਾਣਦਾ। ਮੈਂ ਤਾਂ ਇਕ ਬਜੁਰਗ ਬਾਬਾ ਦਾ ਬਚਨ ਬੱਧ ਹਾਂ ਜਿਸ ਨੂੰ ਮੈਂ ਬਚਨ ਦੇ ਬੈਠਾ ਹਾਂ ਕਿਉਂ ਕਿ ਮੈਂ ਉਸ ਬਜ਼ੁਰਗ ਦੇ ਅਹਿਸਾਨਾਂ ਹੇਠ ਦੱਬਿਆ ਹੋਇਆ ਹਾਂ।

ਸ਼ੀਲਾ ਨੇ ਕਿਹਾ, "ਕੀ ਮੋਹਨ, ਉਹਨਾਂ ਦੇ ਅਹਿਸਾਨਾਂ ਦਾ ਬਦਲਾ ਉਹਨਾਂ ਦੀ ਕੁੜੀ ਨਾਲ ਵਿਆਹ ਕਰ ਕੇ ਹੀ ਚੁਕਾਇਆ ਜਾ ਸਕਦਾ ਹੈ ਜਾਂ ਕੋਈ ਹੋਰ ਵੀ ਰਾਹ ਏ?"

"ਕੀ?"

"ਕਿਸੇ ਵੀ ਤਰ੍ਹਾਂ।"

"ਹਾਂ, ਹਾਂ, ਹੋ ਸਕਦਾ ਸੀ, ਪਰ ਜਦ ਮੇਰੇ ਨਾਲ ਗੱਲ ਹੋਈ ਤਾਂ ਮੇਰੇ ਮੁਹਸਨ ਬਜੁਰਗ ਦੀਆਂ ਭਾਵਨਾਵਾਂ ਬਹੁਤ ਅੱਗੇ ਲੰਘ ਗਈਆਂ ਹੋਈਆਂ ਸਨ।"

"ਕੀ ਤੁਸੀਂ ਉਸ ਲੜਕੀ ਨੂੰ ਦੇਖਿਆ?"

"ਨਹੀਂ।"

"ਕੀ ਤੁਸੀਂ ਉਹਨੂੰ ਪਸੰਦ ਕਰਦੇ ਹੋ?"

ਬਿਲਕੁਲ ਨਹੀਂ।"

"ਕੀ ਉਸ ਲੜਕੀ ਨੇ ਤੁਹਾਡੀ ਕੋਈ ਤਸਵੀਰ ਜਾਂ ਤੁਹਾਨੂੰ ਦੇਖਿਆ ਹੈ?"

"ਨਹੀਂ।"

142