ਪੰਨਾ:ਪੱਕੀ ਵੰਡ.pdf/185

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਵੱਡੀ ਕੁੜੀ ਅਮਰੋ ਆਈ ਤੇ ਸਾਹੋ ਸਾਹ ਹੋਈ ਨੇ ਦੱਸਿਆ:

"ਮਾਂ, ਬਾਈ ਤਾਂ ਬੁਟਰਾਂ ਦੀ ਡੱਲ ਵਲ ਜਾਂਦਾ ਸੀ ਵਾਹੋ ਦਾਹੀ, ਮੈਂ 'ਵਾਜਾਂ ਮਾਰੀਆਂ, ਪਰ ਉਸ ਨੇ ਇਕ ਨਾ ਸੁਣੀ।"

ਨਿਹਾਲੀ ਦਾ ਮੱਥਾ ਠਣਕਿਆ। ਅੱਗੇ ਨਾ ਪਿੱਛੇ, ਏਸ ਪਾਸੇ ਤਾਂ ਉਹ ਕਦੀ ਗਿਆ ਨਹੀਂ ਸੀ। ਨਾ ਜਾਣੇ ਉਸ ਵੀ ਮੇਰੇ ਵਾਂਗ ਬੇਬਸ ਹੋ ਮਰਨ ਦੀ ਧਾਰ ਲਈ ਹੋਵੇ। ਡੱਲ ਖੂਹ ਵਿਚ ਡੁੱਬ ਕੇ ਪਹਿਲਾਂ ਵੀ ਦੋ ਮੌਤਾਂ ਹੋ ਗਈਆਂ ਸਨ। ਗੁੰਗੀ ਮਾਛਣ ਤੇ ਲੰਬੜਾਂ ਦੀ ਨੂੰਹ। ਉਸ ਨੇ ਜੈਲੇ ਨੂੰ ਕਿਹਾ, "ਪੁੱਤਰ ਹੁਲੀ ਕਰਕੇ ਜਾਹ, ਤੇ ਤਾਏ ਨੂੰ ਮੋੜ ਲਿਆ।"

ਜੈਲਾ ਉਸ ਪਾਸੇ ਤਿੱਖਾ ਹੋ ਤੁਰਿਆ, ਜਿਧਰ ਨਰੈਣ ਸਿੰਘ ਗਿਆ ਸੀ। ਪਿੰਡੋਂ ਬਾਹਰ ਆਇਆ ਤਾਂ ਦੂਰ ਡੱਲ ਖੂਹ ਵੱਲ ਜਾਂਦਾ ਉਹਨੂੰ ਨਰੈਣ ਸਿੰਘ ਦਿਸਿਆ। ਨਰੈਣ ਸਿੰਘ ਤੁਰਿਆ ਜਾ ਰਿਹਾ ਸੀ, ਪਰ ਉਹ ਚਾਰੇ ਪਾਸੇ ਪਸਰੇ ਕਾਇਆਨਾਤ ਅਤੇ ਕੁਦਰਤੀ ਮਾਹੌਲ ਤੋਂ ਕਟਿਆ ਹੋਇਆ ਸੀ ਅਤੇ ਉਹਦੀ ਪੂਰੀ ਸੁਰਤੀ ਡੱਲ ਖੂਹ ਦੇ ਤਲ ਵਿਚ ਬੈਠੀ ਮੌਤ ਦੀ ਗੋਦ ਵਿਚ ਹੀ ਸੀ। ਆਸੇ ਪਾਸੇ ਸਰੋਂ, ਖੇਤ, ਫਸਲਾਂ, ਘਾਹ, ਝਾੜ, ਰੁੱਖ, ਬੂਟੇ, ਉਹਨੂੰ ਕੁਝ ਨਹੀਂ ਸੀ ਦਿਸ ਰਿਹਾ ਸਿਵਾਏ ਉਸ ਪਗਡੰਡੀ ਤੋਂ ਜਿਹੜੀ ਉਹਨੂੰ ਮੌਤ ਵੱਲ ਲਈ ਜਾਂਦੀ ਸੀ।

"ਤਾਇਆ ਜੀ ਇਕ, ਫਿਰ ਦੂਜੀ, ਫਿਰ ਤੀਜੀ ਚੌਥੀ 'ਵਾਜ ਉਹਦੇ ਕੰਨਾਂ ਨੂੰ ਟਕਰਾਈ ਤਾਇਆ ਜੀ ਪਰ ਨਰੈਣ ਸਿੰਘ ਜੋ ਕਿ ਤਨੋਂ ਮਨੋਂ ਰੂਹੇਂ ਮੌਤ ਵੱਸ ਹੋ ਚੁੱਕਾ ਸੀ, ਇਸ ਆਵਾਜ਼ ਨੂੰ ਕੰਨ ਖੜਕਾ ਯਾਨੀ ਕੰਨਾਂ ਦਾ ਭੁਲੇਖਾ ਹੀ ਸਮਝਿਆ, ਪਰ ਚੌਥੀ ਆਵਾਜ਼ ਨਾਲ ਜੈਲਾ ਉਸ ਦੇ ਅੱਗੇ ਆ ਗਿਆ, ਜਦ ਕਿ ਡੱਲ ਉਹਦੇ ਪੈਰਾਂ ਤੋਂ ਸਾਰੀ ਦਸ ਕਦਮ ਹੀ ਰਹਿ ਗਈ ਸੀ।

ਜੈਲੇ ਨੇ ਸਾਹੋ ਸਾਹੀ ਹੋਏ ਨੇ ਆਖਿਆ, "ਤਾਇਆ, ਮੈਂ ਤੈਨੂੰ ਕਿੰਨੀਆਂ ਵਾਜਾਂ ਮਾਰੀਆਂ।

ਭੰਬਤਰੀਆਂ ਅੱਖਾਂ ਨਾਲ ਨਰੈਣ ਸਿੰਘ ਨੇ ਜੈਲੇ ਵੱਲ ਵੇਖਿਆ। ਉਹਦੇ ਹੋਸ਼ ਹਵਾਸ ਟਿਕਾਣੇ ਨਹੀਂ ਸਨ। ਉਹਨੂੰ ਇੰਜ ਮਹਿਸੂਸ ਹੋਇਆ ਜਿਵੇਂ ਇਹ ਕੋਈ

185