ਪੰਨਾ:ਪੱਕੀ ਵੰਡ.pdf/200

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾ ਦਿੱਤੀ ਤਾਂ ਸਾਉ ਸੇਠ ਬੇਲੀ ਰਾਮ ਸਵਾਹ ਹੋ ਗਿਆ। ਲਾਲ ਪਰਨਾ ਮੋਢੇ, ਹੱਥ ਵਿਚ ਛੱਤਰੀ, ਦੂਜੇ ਹੱਥ ਘੋੜੀ ਦੀ ਲਗਾਮ ਫੜੀ ਉਹ ਗਲੀ ਵਿਚੋਂ ਲੱਤਾਂ ਘਸੀਟ ਕੇ ਨਿਕਲਿਆ। ਉਹ ਸਾਰਾ ਪੰਧ ਘੋੜੀ ਤੇ ਨਾ ਚੜ੍ਹ ਸਕਿਆ।

ਬੇਲੀ ਰਾਮ ਵਰਗੇ ਸਾਊ ਸੇਠ ਦੀ ਬੇਇੱਜ਼ਤੀ ਦਾ ਕਾਰਨ ਕੀ ਸੀ? ਕਾਰਨ ਸੀ ਵਸਾਵਾ ਮੱਲ ਦੀ ਤੀਜੇ ਥਾਂ ਛੋਟੀ ਤੇ ਛੋਟੇ ਮੁੰਡੇ ਤੋਂ ਵੱਡੀ ਧੀ ਗਿਆਨੇਂ।

ਗਿਆਨੇਂ ਜਿੰਨਾ ਚਿਰ ਪਿੰਡ ਦੇ ਪ੍ਰਾਇਮਰੀ ਸਕੂਲ ਪੜਦੀ ਰਹੀ ਉਸ ਵਲ ਕਿਸੇ ਦਾ ਧਿਆਨ ਨਾ ਗਿਆ ਪਰ ਜਿਉਂ ਹੀ ਉਹ ਪਾਇਮਰੀ ਪਾਸ ਕਰ ਮਿਡਲ ਵਿਚ ਦਾਖਲ ਹੋਈ ਹਰ ਇਕ ਦੀ ਖਿੱਚ ਦਾ ਕਾਰਨ ਬਣ ਗਈ। ਉਹਦਾ ਰੰਗ ਰੂਪ ਏਨਾ ਨਿਖਰਿਆ ਕਿ ਤੌਬਾ ਹੀ ਭਲੀ! ਜਿਵੇਂ ਘੱਟੇ ਵਿਚੋਂ ਲਿਬੜਿਆ ਮੋਤੀ ਸਾਲ ਕਰਕੇ ਸੋਨੇ ਦੀ ਤਸ਼ਤਰੀ ਵਿਚ ਰੱਖਕੇ ਕਿਸੇ ਨੇ ਬਲੌਰ ਦੀ ਅਲਮਾਰੀ ਵਿਚ ਸਜਾਇਆ ਹੋਵੇ। ਜਿਵੇਂ ਪੁੰਨਿਆਂ ਦਾ ਚੰਦ ਇਕ ਦਮ ਬਦਲਾਂ ਹੇਠੋਂ ਨਿਕਲ ਆਇਆ ਹੋਵੇ। ਹਰ ਇਕ ਦੀ ਚੇਸਟਾ ਸੀ ਇਹ ਕੋਹੇਨੂਰ ਹੀਰਾ ਮੇਰੀ ਛਾਤੀ ਤੇ ਚਮਕੇ, ਮੇਰੇ ਸਿਰ ਦਾ ਤਾਜ ਬਣੇ। ਪਰ ਬੇਲੀ ਰਾਮ ਦਾ ਮੁੰਡਾ ਅਵਤਾਰ ਮੋਰਚਾ ਮਾਰੋ ਗਿਆ।

ਬੇਲੀ ਰਾਮ ਮਿਡਲ ਸਕੂਲ ਵਾਲੇ ਪਿੰਡ ਦਾ ਜੱਦੀ ਪੁਸ਼ਤੀ ਸਾਹੁਕਾਰ ਸੀ। ਉਹਦਾ ਮੁੰਡਾ ਅਵਤਾਰ ਵੀ ਮਿਡਲ ਸਕੂਲ ਦਾ ਵਿਦਿਆਰਥੀ ਸੀ ਅਤੇ ਸੀ ਵੀ ਬੜਾ ਬਣਖਾ, ਹੀਰਾ ਸੀ ਅਤੇ ਹੀਰੇ ਨੇ ਹੀਰਾ ਖਿੱਚ ਲਿਆ। ਦੋਹਾਂ ਦਾ ਇਸ਼ਕ ਇਸ਼ਕਪੇਚੇ ਦੀ ਵੇਲ ਵਾਂਗੂੰ ਵਲ ਪਾ ਕੇ ਆਪੇ ਵਿਚ ਪੀਚ ਗਿਆ।

ਜਦੋਂ ਗਿਆਨੇਂ ਸਕੂਲੋਂ ਛੁੱਟੀ ਵੇਲੇ ਪਿੰਡ ਨੂੰ ਤੁਰਦੀ ਤਾਂ ਅਵਤਾਰ ਵੀ ਕਿਤਾਬਾਂ ਚੁੱਕੀ ਉਹਦੇ ਨਾਲ-ਨਾਲ ਤੁਰਦਾ ਅਤੇ ਕੋਹ ਡੇਢ ਕੋਹ ਤੱਕ ਆ ਜਾਂਦਾ। ਫਿਰ ਖਲੋਕੇ ਉਨਾਂ ਚਿਰ ਵੇਂਹਦਾ ਰਹਿੰਦਾ ਜਿੰਨਾ ਚਿਰ ਉਹ ਦਿਸਣੋਂ ਨਾ ਹੱਟ ਜਾਂਦਾ ਅਤੇ ਏਹੋ ਨਿੱਤ ਨੇਮ ਉਹਦਾ ਸਵੇਰ ਦਾ ਸੀ।

ਸਵੇਰੇ ਗਿਆਨੋਂ ਤਿਆਰ ਹੋ, ਬਿਨਾ ਕਿਸੇ ਹੋਰ ਨੂੰ ਉਡੀਕੇ ਜਾਂ ਸਾਥ ਬਣਾਏ ਸਕੂਲ ਵੱਲ ਤੁਰ ਪੈਂਦੀ। ਹਾਲਾਂ ਕਿ ਸਕੂਲ ਦੋ ਸਵਾ ਦੋ ਕੋਹ ਦੂਰ ਸੀ

200