ਪੰਨਾ:ਪੱਕੀ ਵੰਡ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

“ਹੋਰ ਅੱਗੇ।”

ਅਤੇ ਨੂਰਾਂ ਚਾਰ ਕਦਮ ਗਲੀ ਵਿੱਚ ਚਲੀ ਗਈ।

ਫਿਰ ਜਾਹਨੇ ਨੇ ਕਾਦਰੀ ਨੂੰ ਕਿਹਾ, “ਭਾਬੀ, ਤੁਸੀਂ ਰੋਜ਼ ਕਹਿੰਦੇ ਸੀ ਪੱਕੀ ਵੰਡ ਕਰਨੀ ਏਂ। ਅੱਜ ਹੋ ਗਈ ਜੇ ਪੱਕੀ ਵੰਡ। ਤਿੰਨ ਤੁਸੀਂ ਤੇ ਤਿੰਨ ਅਸੀਂ। ਫਿਰ ਨਾਂ ਆਖਿਓ ਦੱਸਿਆ ਨਹੀਂ। ਮੈਂ ਨੂਰੀ ਨੂੰ ਲੈ ਚੱਲਿਆਂ।”

ਅਤੇ ਉਹ ਦੋਵੇਂ ਗਲੀ ਵਿੱਚੋਂ ਅੱਗੇ ਪਿੱਛੇ ਤੁਰ ਪਏ। ਕਾਦਰੀ ਦਾ ਮੂੰਹ ਟੱਡਿਆ ਰਹਿ ਗਿਆ। ਉਹਦੇ ਹੱਥੋਂ ਤੇਲ ਵਾਲਾ ਕੁੱਜਾ ਤਿਲਕ ਕੇ ਡਿੱਗਾ ਤੇ ਚਕਨਾਚੂਰ ਹੋ ਗਿਆ। ਹੱਕੀ ਬੱਕੀ ਨੇ ਦੁੱਲੇ ਹੋਰਾਂ ਨੂੰ ਕਿਹਾ, “ਵੇ ਨੂਰੀ ਗਈ!”

ਪਰ ਉਹਨਾਂ ਉੱਤੇ ਤਾਂ ਜਿਵੇਂ ਸੌ ਸੌ ਘੜੇ ਪਾਣੀ ਪੈ ਗਿਆ ਹੋਵੇ। ਦੋਵੇਂ ਪਜ਼ਲ ਹੋਏ ਬੈਠੇ ਰਹੇ।

ਬੂਹੇ ਅੱਗੇ ਖਲੋ ਜਾਹਨੇ ਨੇ ਵਾਜ਼ ਮਾਰੀ। “ਭਾਬੀ ਮਾਂ, ਲਿਆ ਪਾਣੀ ਵਾਰ”

ਅਤੇ ਬਸ਼ੀਰਾਂ ਨੇ ਦੋਹਾਂ ਤੋਂ ਪਾਣੀ ਵਾਰ ਕੇ ਪੀਤਾ ਤੇ ਨੂਰੀ ਨੂੰ ਘੱਟਕੇ ਛਾਤੀ ਲਾ ਲਿਆ।

ਦੁੱਲੇ ਹੋਰਾਂ ਸਵੇਰੇ ਪੰਚਾਇਤ ਕੀਤੀ ਪਰ ਬਸ਼ੀਰਾਂ ਨੇ ਉਹਨਾਂ ਦੀਆਂ ਅੱਜ ਤੱਕ ਦੀਆਂ ਕੁਚਾਲਾਂ ਨੰਗੀਆਂ ਕੀਤੀਆਂ। ਇਕ ਵੀ ਮੋੜ, ਦੁੱਲੇ ਹੋਰਾਂ ਤੋਂ ਨਾ ਆਇਆ।

ਪਰ੍ਹੇ ਦਾ ਕਹਿਣਾ ਸੀ, “ਸਬਰ ਕਰੋ ਭਾਈ, ਮੀਆਂ ਬੀਬੀ ਰਾਜੀ ਤਾਂ ਕੀ ਕਰੇਗਾ ਕਾਜੀ।”

ਪਰ ਇੱਕ ਗੱਲ ਸ਼ਦੀਕ ਹੋਰਾਂ ਦੇ ਪੱਖ ਵਿੱਚ ਗਈ ਉਹ ਇਹ ਕਿ ਉਹ ਕੰਮ ਹੱਡ ਭੰਨ ਕੇ ਕਰਨ ਲੱਗ ਪਏ।

34