ਪੰਨਾ:ਪੱਕੀ ਵੰਡ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਜ਼ੀਰਾ ਇੱਜੜ ਕੋਲ ਆ ਗਿਆ ਸੀ। ਰਸ਼ੀਦਾਂ ਟੈਹਕਦੀ-ਟੈਹਕਦੀ ਉਹਨਾਂ ਕੋਲ ਆਈ ਅਤੇ ਦੋਹਾਂ ਦੀ ਰਹਿੰਦੀ ਪਹਿਚਾਨ ਕਰਾ ਦਿੱਤੀ। ਫਿਰ ਤਿੰਨੇ ਪਿੰਡ ਵਲ ਤੁਰ ਪਏ। ਵਿਛੜਨ ਲੱਗੇ ਤਾਂ ਦੋਹਾਂ ਦਿਲਾਂ ਨੂੰ ਧੱਕਾ ਜਿਹਾ ਲੱਗਾ। ਦੋ ਕੰਵਾਰੇ ਖਿਆਲਾਂ ਤੇ ਖਾਬਾਂ ਵਿਚ ਪ੍ਰੇਮ ਰੰਗਾਂ ਤੇ ਉਮੰਗਾਂ ਦੇ ਨਾਲ-ਨਾਲ ਬਿਰਹਾ, ਪੀੜ ਤੇ ਉਦਾਸੀ। ਬਿਰਹਾ ਤੂੰ ਸੁਲਤਾਨ। ਦੋਹੀਂ ਪਾਸੀਂ ਪੱਤਰ ਵਿਵਹਾਰ ਚਲ ਪਿਆ ਅਤੇ ਪ੍ਰੇਮ ਪੱਤਰਾਂ ਰਾਹੀਂ ਪਿਆਰ ਗੰਢਾਂ ਪੀਢੀਆਂ ਹੋ ਗਈਆਂ।

ਅਚਾਨਕ ਨਵਾਬ ਬੇਗਮ ਨੇ ਸ਼ੈਹਨਾਜ਼ ਦਾ ਰਿਸ਼ਤਾ ਨਵਾਬ ਅਕਰਮ ਲਈ ਦੇ ਦਿੱਤਾ ਅਤੇ ਜਦ ਸ਼ੈਹਨਾਜ਼ ਤੇ ਪਿਆਰ ਦਿਲਾਸਿਆਂ ਦਾ ਕੋਈ ਅਸਰ ਨਾ ਹੋਇਆ ਤਾਂ ਨਵਾਬ ਬਾਨੋਂ ਨੇ ਧੀ ਨੂੰ ਆਤਮ ਹੱਤਿਆ ਕਰ ਲੈਣ ਦੀ ਧਮਕੀ ਦਿੱਤੀ ਅਤੇ ਮਾਂ ਦੇ ਮਰ ਮਿਟਣ ਦੀ ਧਮਕੀ ਅੱਗੇ ਸ਼ੇਹਨਾਜ਼ ਨੇ ਹੱਥਿਆਰ ਸੁਟ ਦਿੱਤੇ ਅਤੇ ਆਤਮ ਸਮਰਪਣ ਕਰ ਦਿਤਾ ਅਤੇ ਏਨਾਂ ਹੀ ਕਿਹਾ, "ਮਾਂ, ਤੇਰੀ ਮਰਜ਼ੀ ਏ। ਜੇ ਤੂੰ ਮੈਨੂੰ ਖੂਹ ਵਿਚ ਹੀ ਸੁਟਣਾ ਚਾਹੁੰਦੀ ਏ ਤਾਂ ਸੁਟ ਦੇ, ਕਿਉਂਕਿ ਮੇਰਾ ਵਜੂਦ ਮੇਰਾ ਸਰੀਰ ਤੇਰੀ ਦੇਣ ਏ ਪਰ ਰੂਹ ਅਤੇ ਦਿਲ ਮੇਰਾ ਹੈ ਅਤੇ ਇਹ ਦੋਵੇਂ ਮੈਂ ਸਲੀਮ ਨੂੰ ਦੇ ਦਿੱਤੇ ਹਨ। ਰੂਹ ਅਤੇ ਦਿਲ ਅਕਰਮ ਨੂੰ ਨਹੀਂ ਮਿਲ ਸਕਣਗੇ।"

ਨਵਾਬ ਬੇਗਮ ਦੀ ਜਾਨ ਵਿਚ ਜਾਨ ਆਈ। ‘ਚਲੋ ਬੇਟੀ ਦਾ ਹੱਠ ਟੁੱਟਾ। ਅਣਜਾਣ ਏ, ਆਪੇ ਹੌਲੀ-ਹੌਲੀ ਦਿਲ ਧਰ ਜਾਏਗੀ। ਇਹ ਇਸ਼ਕ ਮੁਸ਼ਕ ਤੇ ਬਚਪਨ ਦਾ ਸੁਦਾ ਹੁੰਦਾ ਏ। ਅਲੜ ਤੇ ਅਨਜਾਣ-ਪੁਣਾ।'

ਸਲੀਮ ਦੀ ਨਿਘਰਦੀ ਹਾਲਤ ਦੇਖ ਕੇ ਮਹੰਮਦ ਹੁਸੈਨ ਨੇ ਪੁਛਿਆ ਅਤੇ ਤਿੰਨ ਚਾਰ ਬਾਇਤਬਾਰ ਬੁਢੀਆਂ ਰਾਹੀਂ ਨਵਾਬ ਬਾਨੋ ਤਕ ਪਹੁੰਚ ਕੀਤੀ ਪਰ ਬੇਗਮ ਦਾ ਨਾਪਿਆ ਤੋਲਿਆ ਜਵਾਬ ਸੀ ਪਹਿਲਾਂ ਕਹਿੰਦੇ ਤਾਂ ਤੁਹਾਡੀ ਗੱਲ ਸਿਰ ਮੱਥੇ, ਪਰ ਹੁਣ ਮੈਂ ਬਚਨ-ਬੱਧ ਹਾਂ।" ਅਤੇ ਨਾਲ ਹੀ ਬੇਗਮ ਨੇ ਝੱਟ ਮੰਗਣੀ ਪਟ ਵਿਆਹ ਦੇ ਦਿੱਤਾ।

ਫਿਰ ਰਸ਼ੀਦਾਂ ਨੇ ਭਿੱਜੀਆਂ ਅੱਖਾਂ ਨਾਲ ਸਲੀਮ ਨੂੰ ਸ਼ੈਹਨਾਜ਼ ਦਾ ਪੱਤਰ ਦਿੱਤਾ। ਯਾਨੀ ਆਖਰੀ ਪੱਤਰ, ਜਿਸ ਵਿਚ ਲਿਖਿਆ ਸੀ: "ਮੇਰੇ ਸਲੀਮ, ਮੈਂ ਤੇਰੀ

72