ਪੰਨਾ:ਪੱਕੀ ਵੰਡ.pdf/92

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਭੈਣ ਸੀ। ਪਿੱਛੇ ਵਾਲੀ ਵਾਰਸ ਕੋਈ ਨਾ ਹੋਣ ਕਰਕੇ ਕਰਤਾਰੋ ਦੀ ਮਾਸੀ ਨੇ ਦਿੱਤੂ ਨਾਲ ਸ਼ਰਤ ਕਰ ਲਈ ਸੀ ਕਿ ਇਹ ਨੀਲੀਆਂ ਅੱਖਾਂ ਵਾਲੀ ਕੁੜੀ ਪਿਆਰੋ ਵੀ ਨਾਲ ਪਾਲਣੀ ਪਵੇਗੀ ਅਤੇ ਜਵਾਨ ਹੋਈ ਤੋਂ ਵਿਆਹ ਸਾਡੀ ਮਰਜ਼ੀ ਨਾਲ ਕਰਨਾ ਪਵੇਗਾ ਅਤੇ ਇਸ ਕੰਮ ਲਈ ਉਸ ਆਪਣਾ ਮੁੰਡਾ ਵੀ ਸਾਂਤਰ ਲਿਆ ਸੀ ਜਿਹੜਾ ਕਿਸੇ ਜੱਟ ਨਾਲ ਡੰਗਰਾਂ ਦਾ ਪਾਲੀ ਸੀ ਅਤੇ ਨਾਂ ਸੀ ਛੱਜੂ।

ਦਿੱਤੂ ਬੜਾ ਸਾਊ-ਸੁਭਾਅ ਸੀ। ਕਰਤਾਰੋ ਅਤੇ ਪਿਆਰੋ ਦਾ ਪਿਓ ਇੱਕ ਸੀ। ਪਰ ਮਾਵਾਂ ਅੱਡ ਅੱਡ ਸਨ। ਕਰਤਾਰੋ ਦੀ ਮਾਂ ਮਰ ਗਈ ਤਾਂ ਪਿਓ ਨੇ ਹੋਰ ਸ਼ਾਦੀ ਕਰ ਲਈ ਸੀ। ਦੁਜੀ ਵਿੱਚੋਂ ਪਿਆਰੋ ਹੋਈ ਅਤੇ ਪਿਉ ਮਰ ਗਿਆ। ਅਤੇ ਪਿਆਰੋ ਅਜੇ ਦੋ ਸਾਲ ਦੀ ਹੀ ਸੀ ਕਿ ਪਿਆਰੋ ਦੀ ਮਾਂ ਵੀ ਮਰ ਗਈ ਅਤੇ ਦੋਵੇਂ ਯਤੀਮ ਹੋ ਗਈਆਂ। ਦੋਹਾਂ ਦਾ ਪਾਲਣ ਪੋਸ਼ਣ ਕਰਤਾਰੋ ਦੀ ਮਾਸੀ ਨੇ ਕੀਤਾ ਅਤੇ ਤਿੰਨ ਸਾਲਾਂ ਬਾਅਦ ਕਰਤਾਰੋ ਦੇ ਹੱਥ ਪੀਲੇ ਕਰਕੇ ਉਹਨੂੰ ਦਿੱਤੁ ਨਾਲ ਵਿਆਹ ਦਿੱਤਾ ਅਤੇ ਸ਼ਰਤ ਕਰਕੇ ਪਿਆਰੋ ਨੂੰ ਵੀ ਨਾਲ ਭੇਜ ਦਿੱਤਾ।

ਦਿੱਤੁ ਸੀਰ ਸਪੱਟਾ ਜਾਂ ਦਿਹਾੜੀ ਦੱਪਾ ਕਰਦਾ ਸੀ ਅਤੇ ਕਰਤਾਰੋ ਦੇ ਚਾਰ ਘਰਾਂ ਦੇ ਗੋਹੇ ਕੂੜੇ ਦੀ ਸੇਪ ਕਰਦੀ ਸੀ। ਪਿਆਰੋ ਪੱਖੋਂ ਉਹ ਬੜੀ ਹੀ ਕੁਰੱਖਤ ਸੀ। ਪਰ ਦਿੱਤੁ ਪਿਆਰੋ ਨਾਲ ਬੜਾ ਮੋਹ ਕਰਦਾ ਸੀ। ਉਹ ਚਾਹੁੰਦਾ ਸੀ ਕਿ ਇਸ ਵਿਚਾਰੀ ਦਾ ਪਾਲਣ-ਪੋਸ਼ਣ ਚੰਗੀ ਤਰ੍ਹਾਂ ਹੋਵੇ ਅਤੇ ਕੋਈ ਉਲਾਂਭਾ ਨਾ ਹੋਵੇ। ਅਤੇ ਉਹ ਔਖਾ ਸੌਖਾ ਪਿਆਰੋ ਨੂੰ ਸਕੂਲ ਵੀ ਪੜਾਉਣਾ ਚਾਹੁੰਦਾ ਸੀ ਪਰ ਕਰਤਾਰੋ ਪਿਆਰੋ ਨੂੰ ਸਵੇਰੇ ਹੀ ਨਿੱਕੀ ਜਿਹੀ ਟੋਕਰੀ ਚੁਕਾ ਕੇ ਨਾਲ ਲੈ ਤੁਰਦੀ ਅਤੇ ਰੂੜੀਆਂ ਦੇ ਚੱਕਰ ਲਵਾਂਦੀ ਰਹਿੰਦੀ।, ਦਿੱਤੂ ਟੋਕਦਾ, "ਕਰਤਾਰੋ, ਕਿਉਂ ਇਸ ਮਾਮ ਯਤੀਮ ਦੀ ਬਦ-ਦੁਆ ਲੈਂਦੀ ਏਂ? ਕੁਝ ਤਰਸ ਕਰਿਆ ਕਰ।"

ਪਰ ਕਰਤਾਰੋ ਬੜੀ ਕਠੋਰ ਅਤੇ ਜਿੱਦਣ ਸੀ। ਉਹ ਕਹਿੰਦੀ, "ਜੇ ਇਹ ਮਾਂ ਮਿੱਟਰ ਏ ਤਾਂ ਮੈਂ ਕਿਹੜਾ ਨਹੀਂ ਸੀ ਮਾਂ ਮਿੱਟਰ? ਇਹ ਦੀ ਮਾਂ ਨੇ ਮੈਨੂੰ ਬਥੇਰਾ ਤੰਗ ਕੀਤਾ ਅਤੇ ਮੈਂ ਹੁਣ ਗਿਣ-ਗਿਣ ਕੇ ਇਹਦੇ ਤੋਂ ਬਦਲੇ ਲੈਣੇ ਨੇ। ਨਾਲੇ ਵਿਹਲੀ ਨੂੰ ਕੌਣ ਕਰਕੇ ਖੁਆਵੇ। ਹੱਡ ਹਰਾਮ ਨਹੀਂ ਕਰਨੀ। ਕਰੇ ਤੇ ਖਾਵੇ।"

92