ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

“ਜਾਹ ਮਰ ਹੋ ਦਫੇ।"
ਬਾਂਦਰ ਘੋੜੀ ਤੋਂ ਉਤਰਿਆ ਤੇ ਜਾ ਕੇ ਜੱਟ ਨੂੰ ਆਖਣ ਲੱਗਾ, “ਜਾਹ ਤੂੰ ਸੌਂ ਜਾ, ਮੈਂ ਤੇਰੋ ਬਲਦ ਹੱਕ ਦੇਂਦਾ ਆਂ, ਤੂੰ ਸਾਰੇ ਦਿਨ ਦਾ ਥੱਕਿਆ ਹੋਏਂਗਾ।”
ਜੱਟ ਹੈ ਸੀ ਭੋਲਾ ਭਾਲਾ ਬਾਂਦਰ ਦੀਆਂ ਗੱਲਾਂ ਵਿੱਚ ਆ ਗਿਆ-ਥੱਕਿਆ ਹੋਣ ਕਰਕੇ ਓਸ ਨੂੰ ਨੀਂਦ ਛੇਤੀ ਹੀ ਆ ਗਈ। ਜੱਟ ਦੇ ਸੌਣ ਦੀ ਦੇਰ ਸੀ ਬਾਂਦਰ ਨੇ ਬਲਦ ਪਰੈਣੀਆਂ ਨਾਲ ਕੁੱਟ-ਕੁੱਟ ਕੇ ਇੰਨੇ ਜ਼ੋਰ ਦੀ ਭਜਾਏ ਕਿ ਹਲਟ ਹੀ ਪੁੱਟਿਆ ਗਿਆ। ਫੇਰ ਬਾਂਦਰ ਨੇ ਇੱਕ ਦਮ ਚਕਲੀ ਤੇ ਪਾਰਸਾ ਕੱਢਿਆ ਤੇ ਘੋੜੀ ਵਾਲੇ ਨਾਲ ਜਾ ਰਲਿਆ ਅਤੇ ਜਾਂਦਾ ਹੀ ਬੋਲਿਆ, “ਮਾਮਾ ਮਾਮਾ ਇਹ ਵੀ ਘੋੜੀ ਤੇ ਧਰਾ ਲੈ।”
“ਸਾਲਿਆ ਐਨੇ ਬੋਝ ਨਾਲ ਘੋੜੀ ਮਾਰਨੀ ਐਂ।"
“ਤਾਂ ਦੇ ਯਾਰ ਦੇ ਦਾਣੇ।"
ਘੋੜੀ ਵਾਲੇ ਨੇ ਮੁੱਠੀ ਭਰ ਦਾਣੇ ਕੀ ਖਾਧੇ ਇੱਕ ਨਵੀਂ ਬਲਾ ਆਪਣੇ ਗਲ ਚਮੇੜ ਲਈ। ਪਾਰਸਾ ਤੇ ਚਕਲੀ ਧਰਾ ਅੱਗੇ ਤੁਰ ਪਏ। ਅਜੇ ਥੋੜ੍ਹੀ ਦੀ ਦੂਰ ਗਏ ਸੀ ਉਹਨਾਂ ਨੂੰ ਇੱਕ ਕੁੜੀ ਸਿਰ ਉੱਤੇ ਲੱਸੀ ਦਾ ਝੱਕਰਾ ਤੇ ਉੱਤੇ ਰੋਟੀਆਂ ਲਈ ਆਉਂਦੀ ਵਖਾਈ ਦਿੱਤੀ। ਬਾਂਦਰ ਕਹਿਣ ਲੱਗਾ, “ਮਾਮਾ ਮਾਮਾ ਰੋਟਿਆਂ ਖੋਹ ਲਿਆਵਾਂ।"
“ਨਾ ਸਾਲਿਆ ਜੱਟ ਨਾਨੀ ਚੇਤੇ ਕਰਾ ਦੇਣ ਗੇ ਕੁੱਟ ਕੁੱਟ ਕੇ।"
“ਤਾਂ ਦੇ ਯਾਰ ਦੇ ਦਾਣੇ।”
“ਜਾਹ ਹੋ ਦਫੇ, ਮੈਨੂੰ ਨੀ ਤੂੰ ਛੱਡਦਾ।"
ਬਾਂਦਰ ਕੁੜੀ ਕੋਲ ਗਿਆ। ਉਸ ਤੋਂ ਡਰਾ ਕੇ ਰੋਟੀਆਂ ਤੇ ਲੱਸੀ ਦਾ ਝੱਕਰਾ ਖੋਹ ਲਿਆ ਤੇ ਆ ਕੇ ਕਹਿਣ ਲੱਗਾ, “ਮਾਮਾ ਮਾਮਾ ਘੋੜੀ ਤੇ ਧਰਾ ਲੈ।”
“ਸਾਲਿਆ ਘੋੜੀ ਮਾਰਨੀ ਐਂ।”
“ਤਾਂ ਦੇ ਯਾਰ ਦੇ ਦਾਣੇ।"
ਘੋੜੀ ਵਾਲੇ ਨੇ ਉਹ ਵੀ ਉੱਪਰ ਹੀ ਰਖਾ ਲਈਆਂ। ਅੱਗੇ ਗਏ ਤਾਂ ਬਾਜੇ ਵਾਲੇ ਮਰਾਸੀ ਵੱਡੇ-ਵੱਡੇ ਢੋਲ ਚੁੱਕੀ ਆ ਰਹੇ ਸੀ। ਬਾਂਦਰ ਇਹਨਾਂ ਨੂੰ ਦੇਖ ਕੇ ਕਹਿਣ ਲੱਗਾ, “ਮਾਮਾ ਮਾਮਾ ਇਹਨਾਂ ਤੋਂ ਇੱਕ ਢੋਲ ਖੋਹ ਲਿਆਵਾਂ।"
“ਨਾ ਸਾਲਿਆ ਡੱਗਿਆਂ ਨਾਲ ਈ ਕੁੱਟਣ ਗੇ।"
“ਤਾਂ ਦੇ ਯਾਰ ਦੇ ਦਾਣੇ।"
“ਚੰਗਾ ਜਾਹ।”
ਬਾਂਦਰ ਬਾਜੇ ਵਾਲਿਆਂ ਕੋਲ ਗਿਆ। ਨੇੜੇ ਹੀ ਇੱਕ ਬਾਹਣ ਸੀ। ਬਾਂਦਰ ਉਹਨਾਂ ਦੇ ਡਲੇ ਮਾਰਨ ਲੱਗ ਪਿਆ। ਉਹਨਾਂ ਨੇ ਢੋਲ ਧਰਤੀ ਤੇ ਰੱਖ ਦਿੱਤੇ ਤੇ ਬਾਂਦਰ ਮਗਰ ਨਸ ਪਏ। ਜਦ ਉਹ ਢੋਲ ਤੋਂ ਜ਼ਰਾ ਪਰੇ ਹੋਏ ਤਾਂ ਬਾਂਦਰ ਨੇ ਇੱਕ ਬੜੀ ਸਾਰੀ ਛਲਾਂਗ ਮਾਰੀ ਤੇ ਝਪਟ ਮਾਰਕੇ ਸਭ ਤੋਂ ਵੱਡਾ ਢੋਲ ਲੈ ਕੇ ਨੱਸ ਪਿਆ। ਉਹ ਦੇਖਦੇ ਹੀ ਰਹਿ ਗਏ। ਬਾਂਦਰ ਘੋੜੀ ਵਾਲੇ ਦੇ ਕੋਲ ਜਾ ਕੇ ਕਹਿਣ ਲੱਗਾ, “ਮਾਮਾ ਮਾਮਾ ਇਹ ਵੀ ਧਰਾ ਲੈ।"
“ਸਾਲਿਆ ਰਹਿਮ ਕਰ ਘੋੜੀ ਤੇ, ਇਹ ਮਾਰ ਈ ਦੇਣੀ ਐਂ।"
"ਤਾਂ ਦੇ ਯਾਰ ਦੇ ਦਾਣੇ।"

14