ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੇਕੀ ਦਾ ਫਲ

ਇੱਕ ਬਾਹਮਣ ਸੀ। ਉਹ ਘਰੇ ਰਹਿੰਦਾ ਸੀ। ਉਹਦੇ ਇੱਕ ਕੁੜੀਓ ਕੁੜੀ ਸੀ।ਉਹਦੀ ਘਰ ਵਾਲੀ ਉਹਨੂੰ ਕਹਿੰਦੀ, "ਤੂੰ ਕੰਮ ਕਰਿਆ ਕਰ। ਆਪਾਂ ਕੁੜੀ ਦਾ ਵਿਆਹ ਕਰਨੈ।
ਉਹ ਕਹਿੰਦਾ, "ਕੀ ਕੰਮ ਕਰਨੈ। ਇੱਕੋ ਦਿਨ ਕੋਈ ਕੰਮ ਕਰੂੰਗਾ।
ਬਾਹਮਣ ਫੇਰ ਇੱਕ ਸ਼ਾਹੂਕਾਰ ਦੇ ਘਰ ਜਾ ਰਿਹਾ ਤੇ ਜਾ ਕੇ ਅਲਖ ਜਗਾਈ। ਸ਼ਾਹੂਕਾਰ ਕਹਿੰਦਾ, "ਗੱਲ ਕੀ ਐ?"
ਉਹ ਕਹਿੰਦਾ, "ਗੱਲ ਕੀ ਐ ਘਰ ਲੜਕੀ ਮੁਟਿਆਰ ਬੈਠੀ ਐ ਵਿਆਹੁਣ ਵਾਲੀ।
ਬਾਹਮਣ ਨੂੰ ਉਹਨੇ ਪੰਜ ਸੌ ਰੁਪਯਾ ਦੇ ਦਿੱਤਾ। ਬਾਹਮਣੇ ਸਵੇਰੇ ਹੀ ਨਾਉਂਦੇ ਹੁੰਦੇ ਨੇ. ਉਹ ਰਸਤੇ ਵਿੱਚ ਇਕ ਟੋਭੇ ਉੱਤੇ ਨਾਉਣ ਲੱਗ ਪਿਆ। ਰੁਪਯਾ ਉਥੇ ਹੀ ਖਤਮ ਹੋ ਗਿਆ। ਮੁੜਕੇ ਉਹ ਉਸੇ ਸ਼ਾਹੂਕਾਰ ਦੇ ਘਰ ਚਲਿਆ ਗਿਆ।
ਸ਼ਾਹੂਕਾਰ ਕਹਿੰਦਾ, "ਜਿਹੜਾ ਪਹਿਲਾਂ ਦਿੱਤਾ ਸੀ।"
ਬਾਹਮਣ ਕਹਿੰਦਾ, "ਟੋਬੜੀ ਤੇ ਨਾਉਣ ਲੱਗਿਆ ਸੀ ਰੁਪਿਆ ਪਤਾ ਨੀ ਕਿੱਥੇ ਖਤਮ ਹੋ ਗਿਆ।"
ਸ਼ਾਹੂਕਾਰ ਨੇ ਰੁਪਯਾਂ ਦਾ ਘੋੜਾ ਲੱਦ ਲਿਆ ਤੇ ਆਪ ਨਾਲ ਤੁਰ ਪਿਆ। ਉਸੇ ਟੋਬੜੀ ਤੇ ਆ ਕੇ ਬਾਹਮਣ ਫੇਰ ਲਾਉਣ ਲੱਗਾ।
ਘੋੜਾ ਨਾ ਉਸ ਪਾਸੇ ਜਾਵੇ ਨਾ ਵਾਪਸ ਮੁੜੇ। ਸ਼ਾਹੂਕਾਰ ਬੋਲਿਆ, "ਤੂੰ ਕੀ ਚੀਜ਼ ਐਂ ਜਿਹੜੀ ਹਿੱਲਣ ਨੀਂ ਦਿੰਦੀ-ਅਗੇ ਵੀ ਏਥੇ ਈ ਪੰਜ ਸੌ ਰੁਪਯਾ ਖਤਮ ਹੋ ਗਿਆ ਸੀ।"
ਕਹਿੰਦੀ, "ਮੈਂ ਸਾੜਸਤੀ ਆਂ-ਬਾਹਮਣ ਉੱਤੇ ਬਾਰਾਂ ਸਾਲ ਵਾਸਤੇ ਆਈ ਹੋਈ ਆਂ।" ਸ਼ਾਹੂਕਾਰ ਕਹਿੰਦਾ, ਤੂੰ ਸਵਾ ਮਹੀਨੇ ਵਾਸਤੇ ਮੇਰੇ ਉੱਤੇ ਆ ਜਾ। ਬਾਹਮਣ ਦੀ ਲੜਕੀ ਦਾ ਵਿਆਹ ਹੋ ਜਾਣ ਦੇ।"
ਬਾਹਮਣ ਮਾਇਆ ਲੈ ਕੇ ਤੁਰ ਪਿਆ। ਸ਼ਾਹੂਕਾਰ ਘੋੜਾ ਲੈ ਕੇ ਕਿ ਪਿਛੇ ਨੂੰ ਮੁੜ ਪਿਆ।
ਸ਼ਾਹੂਕਾਰ ਨੂੰ ਰਸਤੇ ਵਿੱਚ ਹੀ ਰਾਤ ਪੈ ਗਈ। ਚੋਰਾਂ ਨੇ ਉਹਨੂੰ ਵਢਕੇ ਘੁਮਾਰਾਂ ਦੇ ਆਵੇ ਵਿੱਚ ਸੁੱਟ ਆਂਦਾ ਤੇ ਉਸ ਦਾ ਘੋੜਾ ਖੋਹ ਕੇ ਲੈ ਗਏ।
ਇੱਕ ਤੇਲੀ ਉਧਰੋਂ ਲੰਘਿਆ ਜਾ ਰਿਹਾ ਸੀ ਉਹਨੇ ਆਵੇ ਵਿੱਚੋਂ ਕਿਸੇ ਦੇ ਕਰਾਹੁਣ ਦੀ ਆਵਾਜ਼ ਸੁਣੀ। ਉਸ ਨੂੰ ਸ਼ਾਹੂਕਾਰ ਤੇ ਤਰਸ ਆ ਗਿਆ ਤੇ ਉਸ ਨੂੰ ਆਪਣੇ ਘਰ ਲੈ ਆਇਆ। ਤੇਲੀ ਰੋਟੀ ਦੇਵੇ-ਉਹ ਖਾਵੇ। ਕਹਿੰਦਾ, "ਮੈਂ ਹੱਕ ਦੀ ਕਮਾਈ ਖਾਣੀ ਐ ਬਿਨ ਹੱਕੀ ਨਹੀਂ। ਮੈਨੂੰ ਕੋਹਲੂ ਦੇ ਭਾਰ ਤੇ ਬਠਾ ਦਿਆ ਕਰ ਮੈਂ ਬਲਦ ਹੱਕੀ ਜਾਇਆ ਕਰੂੰਗਾ।"

25