ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੀਜਾ ਪਾਵਾ ਵੀ ਸੈਰ ਕਰਨ ਤੁਰ ਪਿਆ, ਅੱਗੇ ਇੱਕ ਤੀਵੀਂ ਚਰਾਗ਼ ਵਾਲੀ ਜਾਂਦੀ ਸੀ। ਉਹ ਉਹਦੇ ਮਗਰ ਲੱਗ ਤੁਰਿਆ। ਬਾਹਰ ਇੱਕ ਸਾਧ ਦੀ ਕੁਟਿਆ ਪਾਈ ਹੋਈ ਸੀ। ਉਹ ਉੱਥੇ ਚਲੀ ਗਈ। ਸਾਧ ਨੇ ਉਸ ਤੀਵੀਂ ਨੂੰ ਕੁੱਟਿਆ, ਕਹਿੰਦਾ, “ਏਨੀ ਦੇਰ ਕਿਉਂ ਲਾਈ ਐ।”
ਕਹਿੰਦੀ, “ਮੇਰਾ ਪਤੀ ਆਇਆ ਹੋਇਆ ਸੀ ਤਾਂ ਏਨੀ ਦੇਰ ਲੱਗ ਗਈ।"
ਸਾਧ ਕਹਿੰਦਾ, “ਜਾ ਆਪਣੇ ਪਤੀ ਦਾ ਸਿਰ ਵੱਢਕੇ ਲਿਆ।" ਪਿੱਛੇ ਪਾਵਾ ਖੜਾ ਸੁਣ ਰਿਹਾ ਸੀ। ਉਹ ਆਪਣੇ ਪਤੀ ਦਾ ਸਿਰ ਵੱਢਣ ਤੁਰ ਪਈ। ਪਾਵਾ ਬੁੜਕ ਕੇ ਸਾਧ ਦੇ ਸਿਰ ਵਿੱਚ ਜਾ ਲੱਗਿਆ। ਸਾਧ ਓਥੇ ਹੀ ਮਰ ਗਿਆ। ਪਾਵਾ ਤੀਵੀਂ ਕੋਲ ਜਾ ਕੇ ਕਹਿੰਦਾ, “ਮੈਂ ਸਾਧ ਮਾਰ ਦਿੱਤੇ ਕਿਤੇ ਆਪਣੇ ਪਤੀ ਦਾ ਸਿਰ ਨਾ ਵੱਢ ਲਿਆਈਂ।”
ਫੇਰ ਉਹ ਵੀ ਮੰਜੇ ਕੋਲ ਵਾਪਸ ਆ ਗਿਆ, ਤੇ ਸਾਰੀ ਵਾਰਤਾ ਦੂਜਿਆਂ ਨੂੰ ਸੁਣਾ ਦਿੱਤੀ। ਰਾਜਾ ਮੰਜੇ ਤੇ ਪਿਆ ਸਭ ਕੁਝ ਸੁਣ ਕੇ ਹੈਰਾਨ ਹੋ ਰਿਹਾ ਸੀ।
ਚੌਥਾ ਪਾਵਾਂ ਵੀ ਸ਼ਹਿਰ ਦੀ ਸੈਲ ਕਰਨ ਤੁਰ ਪਿਆ ਕੁਝ ਚਿਰ ਮਗਰੋਂ ਉਹ ਵੀ ਸੈਲ ਕਰ ਕੇ ਮੁੜ ਆਇਆ। ਆ ਕੇ ਕਹਿੰਦਾ, “ਜਿਹੜਾ ਮੰਜੇ ਤੇ ਪਿਐ ਓਹਦੀ ਜੁੱਤੀ ਵਿੱਚ ਸਵਾ ਗਿੱਠ ਦਾ ਸਪੋਲੀਆ ਐ। ਉਹਨੇ ਜਦ ਜੁੱਤੀ ਪਾਉਣੀ ਐ ਉਹਨੇ ਲੜ ਜਾਣੈ ਤੇ ਇਹਨੇ ਮਰ ਜਾਣੈ।”
ਸਵੇਰੇ ਰਾਜੇ ਦਾ ਚੂਹੜਾ ਜੁੱਤੀ ਝਾੜਨ ਆਇਆ। ਉਹਨੇ ਜੁੱਤੀ ਝਾੜੀ, ਵਿੱਚੋਂ ਸਵਾ ਗਿੱਠ ਦਾ ਸਪੋਲੀਆ ਨਿਕਲ ਆਇਆ।
ਰਾਜਾ ਇਸ ਅਣੋਖੇ ਮੰਜੇ ਨੂੰ ਪ੍ਰਾਪਤ ਕਰਕੇ ਬਹੁਤ ਖ਼ੁਸ਼ ਹੋ ਰਿਹਾ ਸੀ।
54