ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਨਵੀਂ ਨਾਰ ਸੰਗ ਦੋ ਦਿਨ ਭੀ ਨਾ ਬਦ-ਕਿਸਮਤਾਂ ਗੁਜ਼ਾਰੇ !'
ਹਾਸਾ-ਰੋਣਾ ਦੋਵੇਂ ਆਏ, ਸੁਣ ਕੇ ਦਸ਼ਾ ਨਿਆਰੀ
'ਸੁਥਰਾ' ਇਸ ਬਿਨ ਹੋਰ ਕਹੇ ਕੀ ? ਯਾਰਾ ! ਤੂੰ ਝਖ਼ ਮਾਰੀ !'

ਹੋਲੀ ਸੀ

ਨਿਕਲ ਅਡੋਲ ਡੋਲੀਓਂ ਆਈ, ਨਾ ਥਿੜਕੀ ਨਾ ਡੋਲੀ ਸੀ
ਗੁਟਕੂੰ ਗੁਟਕੂੰ ਘੁੱਗੀ ਵਾਂਗੂੰ, ਨਾਜ਼ਕ ਜਿਵੇਂ ਮਮੋਲੀ ਸੀ
ਸੰਗ ਸੁੰਦਰੀਆਂ ਦੀ ਇਕ ਟੋਲੀ, ਖ਼ਬਰੇ ਕਿੱਥੋਂ ਟੋੱਲੀ ਸੀ
ਗੋਲੀ ਵਾਂਗ ਪੈਰ ਤੇ ਡਿੱਗੀ, ਮਾਨੋ ਮੇਰੀ ਗੋੱਲੀ ਸੀ
ਘੁੰਡ ਚੁਕਿਆ ਮੈਂ ਦੋਹੀਂ ਹੱਥੀਂ, ਬਿਜਲੀ ਆਲੀ ਭੋਲੀ ਸੀ
ਵੀਣੀ ਵਿਚ ਉਂਗਲਾਂ ਖੁਭ ਗਈਆਂ, ਜਹੀ ਗੁਦਗੁਦੀ ਪੋਲੀ ਸੀ
ਡੋਲ੍ਹੀ ਓਸ ਕਟੋਰੀ-ਕੇਸਰ, ਤੇ ਗੁਲਾਲ ਦੀ ਝੋਲੀ ਸੀ
ਸਭ ਸਖੀਆਂ ਰੰਗ ਛਿੜਕਣ ਲਗੀਆਂ,ਪਲ ਵਿਚ ਮਚ ਗਈ ਹੋਲੀ ਸੀ
ਕੋਈ ਮਾਰ ਪਚਕਾਰੀ ਭੱਜੇ, ਕਿਸੇ ਗੁਲਾਲੀ ਖੋਲੀ ਸੀ
ਕਰਨ ਮਖ਼ੌਲ ਵਿਚਕਰਾਂ ਹਾਸੇ, ਭਾਂਤ ਭਾਂਤ ਦੀ ਬੋਲੀ ਸੀ
ਸੰਗਾ ਲਾਹ ਕੇ ਮੈਂ ਭੀ, ਅਪਣੀ ਹਿੰਮਤ-ਅਕਲ ਟਟੋਲੀ ਸੀ
ਸਵਰਣ-ਕੌਲ ਕਸਤੂਰੀ ਘੋਲੀ, ਛਿਣਕ ਜਿੰਦੜੀ ਘੋੱਲੀ ਸੀ
ਮੇਰੀ ਪੱਗ ਗੜੁਚੂੰ ਹੋਈ, ਉਸ ਦੀ ਭਿੱਜੀ ਚੋਲੀ ਸੀ
ਇੱਕ ਸਹੇਲੀ ਬੜੀ ਠਠੋਲੀ, ਬੁੱਲ੍ਹੀ ਲਾਲ ਨਿਓਲੀ ਸੀ
ਚੂਚੇ ਵਾਂਗੂੰ ਫੜ ਕੇ ਉਸ ਨੇ, ਤੇਰੀ ਧੌਣ ਮਧੋਲੀ ਸੀ
ਇਕ ਹੋਰ ਤੱਤਾਰੋ ਐਸੀ, ਮਾਨੋ ਵਾਉ-ਵਰੋਲੀ ਸੀ
ਲਾਟੂ ਵਾਂਗੂੰ ਭੌਂਦੀ ਫਿਰਦੀ, ਸਭ ਦੀ ਜਿਵੇਂ ਵਿਚੋਲੀ ਸੀ
ਉਸ ਤੋਂ ਭੀ ਇਕ ਵਧ ਚੰਚਲ ਨੇ, ਗੁਤ ਫੜ ਉਦ੍ਹੀ ਘਚੋਲੀ ਸੀ
ਮੈਂ ਮੂਰਖ ਨੇ ਜੋਸ਼ ’ਚ ਆ ਕੇ, ਖੁਸ਼ਬੋ ਸੁਟੀ ਅਮੋਲੀ ਸੀ
ਰਾਣੀ ਦੀ ਅੱਖੀਂ ਛਿਟ ਪੈ ਗਈ, ਚੀਕ ਵਜੀ ਜਿਉਂ ਗੋਲੀ ਸੀ
ਹਾ ! ਹਾ ! ਕੁਝ ਵੀ ਨਜ਼ਰ ਨ ਆਯਾ ਤਬ੍ਹਕ ਅੱਖ ਜਦ ਖੋਲੀ ਸੀ
ਘੜੀ ਮੁੜੀ ਮੈਂ ਮੀਟ ਅੱਖੀਆਂ, ਰੋ ਰੋ ਜਿੰਦੜੀ ਰੋਲੀ ਸੀ

-੫੨-