ਪੰਨਾ:ਬਾਦਸ਼ਾਹੀਆਂ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਕੋਈ ਮਿੱਤਰ, ਨਾ ਸਨਬੰਧੀ, ਨਾ ਕੋਈ ਦਰਦੀ ਪਿਆਰਾ
ਅਤਿ ਮਾਯੂਸੀ ਨਾਲ ਜਗਤ ਸਭ ਦਿਸੇ ਅੰਧ ਅੰਧਾਰਾ
ਹੋਇ ਨਿਰਾਸ, ਮਰਨ ਦਾ ਫੁਰਨਾ ਦਿਲ ਦੁਖੀਏ ਦੇ ਫੁਰਿਆ
ਚੁਪ ਚਾਪ, ਡੁਬਣ ਹਿਤ ਘਰ ਤੋਂ, ਸਾਗਰ ਦੇ ਵਲ ਤੁਰਿਆ
ਸਰਦ ਹਨੇਰੀ ਰਾਤ, ਅਕਾਸ਼ੋਂ ਤੂੰਬੇ-ਬਰਫ਼ ਵਸਾਵੇ
ਜੋਸ਼ ਵਿਚ ਉਹ ਦੁਖੀਆ ਅਗੇ ਅਗੇ ਤੁਰਦਾ ਜਾਵੇ
ਠੇਡੇ ਖਾਂਦਾ, ਡਿਗਦਾ ਢਹਿੰਦਾ, ਪਹੁੰਚਾ ਸਿੰਧ ਕਿਨਾਰੇ
ਛਾਲ ਲਾਣ ਹਿਤ ਬੂਟ ਜੁਰਾਬਾਂ ਪੈਰੋਂ ਓਸ ਉਤਾਰੇ
ਪਾਣੀ ਵਿਚ ਪੈਰ ਜਾਂ ਪਾਇਆ, ਤੀਰ ਵਾਂਗ ਜਲ ਲੱਗਾ
ਫ਼ੌਰਨ ਪੈਰ ਖਿੱਚਿਆ ਪਿਛੇ, ਮੂੰਹ ਡਰ ਹੋਇਆ ਬੱਗਾ
ਝਟ ਪਟ ਬੂਟ ਜੁਰਾਬਾਂ ਪਾ ਕੇ, ਕਿਹਾ ਫੁਲਾ ਕੇ ਨਾਸਾਂ:-
'ਅੱਜ ਤਾਂ ਪਾਣੀ ਬਹੁਤ ਸਰਦ ਹੈ, ਫੇਰ ਕਿਸੇ ਦਿਨ ਆਸਾਂ !'
ਸਚ ਹੈ ਬਾਬਾ 'ਸੁਥਰੇ’ ਜਗ ਤੇ ਜਿਉਣਾ ਹੈ ਅਤਿ ਪਿਆਰਾ
ਦੁਖੜੇ ਹੋਣ ਲੱਖ ਪਰ ਫਿਰ ਵੀ ਮਰਨਾ ਔਖਾ ਭਾਰਾ

ਜਾਨਵਰਾਂ ਦੀ ਸ਼ਾਗਿਰਦੀ

ਦੁਨੀਆਂ ਭਰ ਦੇ ਨੀਤੀਵਾਨਾਂ ਕਾਨਫ੍ਰੰਸ ਇਕ ਕੀਤੀ
ਸੋਚਣ ਲਗੇ ਪੁਰਸ਼ ਲਈ ਕੀ ਹੈ, ਸਭ ਤੋਂ ਚੰਗੀ ਨੀਤੀ ?
ਯਾਨੀ ਜਗ ਵਿਚ ਕਿਸ ਬਿਧ ਸਾਨੂੰ ਚਾਹੀਏ ਰਹਿਣਾ ਬਹਿਣਾ
ਜਿਸ ਤੋਂ ਇੱਜ਼ਤ ਰੋਹਬ ਵਧੇ ਤੇ ਦੁਖ ਪਵੇ ਨ ਸਹਿਣਾ
ਇਕ ਬੋਲਿਆ “ਉੱਲੂ ਵਾਂਗ ਰਹੋ ਵੀਰ ਪਿਆਰੇ
'ਘੁਟੇ ਵੱਟੇ ਨਰ ਪਾਸੋਂ ਹਨ ਡਰਦੇ ਲੋਕੀ ਸਾਰੇ ?'
ਦੂਜੇ ਕਿਹਾ 'ਗਧੇ' ਦੇ ਵਾਂਗਰ ਬੋਝਾ ਚਾਹੀਏ ਢੋਣਾ
ਜਗ ਵਿਚ ਸਭ ਤੋਂ ਵਧ ਕੇ ਜੇ ਧਨ ਪਾਤਰ ਹੋ ਹੋਣਾ ।'
ਕਿਸੇ ਆਖਿਆ ‘ਕੁਤੇ ਵਾਂਗੂੰ ਵਫ਼ਾਦਾਰੀਆਂ ਚਾਹੀਏ
'ਗਊ ਵਾਂਗ ਖਾ ਖਾ ਕੇ ਤੂੜੀ ਹੋਰਾਂ ਦੁਧ ਪਿਆਈਏ
ਪਤ ਕੰਡੇ ਖਾ, ਪਿਆਸ ਝੱਲ ਕੇ, ਊਠ ਵਾਂਗ ਸੁਖ ਪਾਈਏ

-੬੧-