ਪੰਨਾ:ਬਿਜੈ ਸਿੰਘ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਉਤੋਂ ਬਾਗ਼ ਦਾ ਮਾਲੀ, ਸਾਰੇ ਕੰਡੇ ਤੇ ਕੰਡੋਲੇ ਤਾਂ ਚੁੱਕ ਦਿੰਦਾ ਹੈ, ਪਰ ਅੰਦਰਲੇ ਕੰਡਿਆਂ ਨੂੰ ਨਹੀਂ ਕੱਢ ਸਕਦਾ।

ਬਿਨ ਸੱਦੀਆਂ ਸਹੇਲੀਆਂ ਸਮਝਾਉਂਦੀਆਂ ਹਨ, ਉਹ ਸ਼ਰਮਾਉਂਦੀ ਹੈ।ਅਣ ਬੁਲਾਈਆਂ ਸਖੀਆਂ ਸਿਖ੍ਯਾ ਦੇਂਦੀਆਂ ਹਨ, ਉਹ ਤਪ-ਤਪ ਹੰਝੂ ਕੇਰਦੀ ਹੈ; ਧਿਙਾਣੀਆਂ ਬੁਲਾਵੀਆਂ ਲਾਲਚ ਤੇ ਐਜ਼ੂਰਜ ਦੇ ਨਕਸ਼ੇ ਬੰਨ੍ਹਕੇ ਭੁਲਾਉਂਦੀਆਂ ਹਨ, ਸ਼ੀਲਾ ਦਾ ਰੰਜ ਹਟਕੋਰੇ ਬਣ ਬਣ ਉਸਦਾ ਗਲ ਘੁੱਟਣ ਨੂੰ ਪੈਂਦਾ ਹੈ ਕਿ ਮਾਰ ਹੀ ਦਿਆਂ। ਬਿਪਤਾ ਨੇ ਸ਼ੀਲਾ ਨੂੰ ਨਹੀਂ ਘਬਰਾਇਆ, ਅਪਦਾ ਨੇ ਨਹੀਂ ਡੋਲਣ ਦਿੱਤਾ, ਤਸੀਹਿਆਂ ਹੌਸਲਾ ਨਹੀਂ ਹਾਰਨ ਦਿੱਤਾ, ਕਸ਼ਟਾਂ ਨੇ ਦਿਲ ਨੂੰ ਨਹੀਂ ਛੱਡਣ, ਦਿੱਤਾ, ਪਰ ਇਸ ਐਰਜ ਧਨ ਦੌਲਤ ਨੇ ਇਸ ਖੁਸ਼ਾਮਦ ਤੇ ਅਮੀਰੀ ਨੇ, ਹੱਥ ਬੰਨ੍ਹਕੇ ਸਾਹਮਣੇ ਖੜੋਣੇ ਨੇ, ਇਸ ਮਹਾਰਾਣੀ ਬਣਨ ਦੀ ਪ੍ਰੇਰਨਾ ਨੇ ਘਬਰਾਇਆ ਹੈ। ਹਾਂ, ਪਰ ਝੁਲਾਇਆ ਨਹੀਂ, ਭੈ-ਭੀਤ ਵਧੇਰੇ ਕੀਤਾ ਹੈ, ਪਰ ਇਸ ਭੈ ਨੇ ਇਸ ਨਵੇਂ ਆ ਬਣੇ ਸਮੇਂ ਦਾ ਵਧੀਕ ਬਲਵਾਨ ਹੋ ਕੇ ਟਾਕਰਾ ਕਰਨ ਦਾ ਹਠ ਪੈਦਾ ਕਰ ਦਿੱਤਾ ਹੈ। ਪਹਿਲੇ ਤਾਂ ਪੈਰਾਂ ਹੇਠਾਂ ਮਿੱਟੀ ਨਿਕਲਦੀ ਜਾ ਰਹੀ ਸੀ, ਸਿਰ ਵਿਚੋਂ ਮਗਜ਼ ਦੇ ਤੌਰਨੇ ਵਾਲੀ ਸੂਖਮ ਪਰ ਬਲਵਾਨ ਸਤ੍ਯਾ ਗੁੰਮ ਹੋ ਰਹੀ ਸੀ। ਨਿਰਾਸਤਾ ਤੇ ਨਾ ਉਮੈਦੀ ਇਸ ਤਰ੍ਹਾਂ ਸਰੀਰ ਨੂੰ ਸੱਖਣਾ ਕਰੀ ਤੁਰੀ ਜਾਂਦੀ ਦਿੱਸਦੀ ਸੀ ਕਿ ਜਿਵੇਂ ਦੇਹ ਨੂੰ ਆਤਮਾ ਛੱਡ ਕੇ ਸੁੰਝਿਆਂ ਕਰ ਜਾਂਦੀ ਹੈ। ਇਹ ਨਹੀਂ ਕਿ ਸ਼ੀਲਾ ਤੇ ਲਾਲਚ ਅਸਰ ਕਰ ਗਿਆ ਸੀ, ਕਦੇ ਨਹੀਂ ਸ਼ੀਲਾ


(ਸਫਾ ੯੪ ਦੀ ਟੂਕ ਦੀ ਬਾਕੀ)

ਮੀਰ ਮੰਨੂੰ ਨੇ ਸਿੰਘਣੀਆਂ ਨੂੰ ਪੁੱਜ ਪੁੱਜ ਕੇ ਦੁਖ ਦਿਤੇ, ਉਨ੍ਹਾਂ ਪਾਸੋਂ ਚੱਕੀਆਂ ਪਿਹਾਈਆਂ, ਮੁਸ਼ੱਕਤਾਂ ਲਈਆਂ, ਡੂਮ ਡਰਾਵੇ ਦਿੱਤੇ, ਲਾਲਚ ਦਿਤੇ, ਪਰ ਉਹ ਧਰਮ ਤੋਂ ਨਾ ਡੋਲੀਆ, ਤਾਂ ਉਹਨਾਂ ਦੀਆਂ ਝੋਲੀਆਂ ਵਿਚੋਂ ਉਹਨਾਂ ਦੇ ਬਾਲ ਖੋਹ ਕੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਕੋਹ ਕੇ ਮਾਰੋ ਤੇ ਫੇਰ ਉਨ੍ਹਾਂ ਦੀਆਂ ਝੋਲੀਆਂ ਵਿਚ ਹੀ ਪਾ ਕੇ ਮੁਸ਼ੱਕਤਾਂ ਲੈਂਦੇ ਰਹੇ। ਅਤੇ ਕਦੀ ਕਦੀ ਸਿੰਘਣੀਆਂ ਸ਼ਹੀਦ ਵੀ ਕੀਤੀਆ ਜਾਂਦੀਆਂ। ਮੁਗਲ ਹਕੂਮਤ ਵਲੋਂ ਇਹ ਅਤਿ ਦਾ ਕਹਿਰ ਸੀ। ਪਰ ਸ਼ੁਕਰ ਹੈ ਕਿ ਬਦਲ ਦੀ ਅੱਗ ਵਿਚ ਸੜਦਿਆਂ ਹੋਇਆਂ ਵੀ ਕਿਸੇ ਸਿੰਘ ਨੇ ਕਦੇ ਕਿਸੇ ਵਕਤ ਇਸਤ੍ਰੀ ਤੇ ਹੱਥ ਨਹੀਂ ਚੁੱਕਿਆ। [ ਸਫਾ ੩੯੫]

-੯੫-