ਪੰਨਾ:ਬਿਜੈ ਸਿੰਘ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚੋਂ ਭਾਜੜ ਪਏ ਪਿੰਡ ਵਾਂਗ ਸੋਚ ਵਿਵੇਚਨਾ,ਅੱਗੋਂ ਕੀ ਕਰਨਾ ਹੈ, ਗੱਲ ਕੀ ਸਭ ਕੁਝ ਨੱਸ ਗਿਆ ਸੀ,ਹੁਣ ਐਦਾਂ ਦਾ ਹੋ ਗਿਆ,ਜਿੱਦਾਂ ਕਿਸੇ ਟੱਬਰ ਮੋਏ ਪੁਰਖ ਦਾ ਦਿਲ ਕਿਸੇ ਗੁਆਚੇ ਹੋਏ ਭਰਾ ਦੇ ਅਚਾਨਕ ਮਿਲ ਪੈਣ ਤੇ ਉਸਰੱਗੀ ਫੜ ਜਾਂਦਾ ਹੈ। ਹੁਣ ਸ਼ੀਲਾ ਨੂੰ ਚਾਰ ਚੁਫੇਰੇ ਪਰਮੇਸ਼ੁਰ ਦਿੱਸਦਾ ਹੈ, ਉਸਦੀ ਸੱਤਾ ਆਪਣੀ ਸਹਿਚਾਰ ਸਹੇਲੀ ਜਾਪਦੀ ਹੈ। ਹੁਣ ਸ਼ੀਲਾ ਐਸੀ ਪੱਕੀ ਉਮੈਦ ਵਿਚ ਆਨੰਦ ਹੋਈ ਹੈ ਕਿ ਕਰਤਾਰ ਕਦੇ ਮੈਨੂੰ ਨਹੀਂ ਛੱਡੇਗਾ ਅਰ ਕਦੇ ਪਾਪ ਵਿਚ ਡੁੱਬਣ ਨਹੀਂ ਦਏਗਾ।ਉਸਨੂੰ ਧਰਮਪਿਆਰਾ ਹੈ, ਉਹ ਮੇਰੇ ਧਰਮ ਨੂੰ ਜ਼ਰੂਰ ਬਚਾਵੇਗਾ। ਭਾਵੇਂ ਮੈਨੂੰ ਕੋਈ ਬਿਧੀ ਨਹੀਂ ਦਿੱਸਦੀ ਪਰ ਉਹ ਜ਼ਰੂਰ ਕੋਈ ਰਸਤਾ ਕੱਢੇਗਾ। ਸ਼ੁਕਰ ਅਰ ਭਰੋਸਾ ਪੂਰੀ ਨਿੰਮ੍ਰਤਾ ਨਾਲ ਸ਼ੀਲਾ ਦੇ ਹਿਰਦੇ ਵਿਚ ਕਰਤਾਰ ਦੇਘੱਲੇ ਹੋਏ ਸਿਪਾਹੀ ਬਣ ਕੇ ਆ ਖਲੋਤੇ ਹਨ। ਸ਼ੀਲਾ ਨੇ ਸੱਭੇ ਆਸਰੇ ਟੁੱਟੇ ਡਿੱਠੇ,ਸ਼ੀਲਾ ਨਿਰਾਸ ਹੋ ਗਈ,ਸ਼ੀਲਾ ਨੇ ਪ੍ਰਾਰਥਨਾ ਕੀਤੀ, ਸ਼ੀਲਾ ਦਾ ਵਾਲੀ ਕਰਤਾਰ ਹੋ ਗਿਆ।

“ਸਭੋ ਭਜੈ ਆਸਰਾ ਚੂਕੈ ਸਭੁ ਕੋ ਅਸਰਾਉ॥
ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥

ਪਲ ਪਲ ਮਗਰੋਂ ਸ਼ੁਕਰ ਕਰਦੀ ਹੈ; ਅਰ ਐਸੀ ਮਗਨ ਹੋਈ ਹੈ ਕਿ ਖੁਸ਼ੀ ਅਰ ਵੈਰਾਗ ਮਿਲਕੇ ਹੰਝੂਆਂ ਦਾ ਪ੍ਰਵਾਹ ਤੋਰ ਦਿੰਦੇ ਹਨ। ਇਸ ਤਰ੍ਹਾਂ ਪ੍ਰਾਰਥਨਾ ਤੇ ਸ਼ੁਕਰ ਕਰਦਿਆਂ ਸ਼ੀਲਾ ਦੀ ਸਾਰੀ ਰਾਤ ਬੀਤੀ! ਦੁਨੀਆਂ ਦੇ ਲੋਕ ਬਿਪਤਾ ਦੀ ਰਾਤ ਤਾਰੇ ਗਿਣ ਗਿਣ ਕੱਟਦੇ ਹਨ ਸ਼ੀਲਾ ਨੇ ਂ ਉਨ੍ਹਾਂ ਪੱਥਰਾਂ ' ਤੇ ਅੱਗਾਂ ਵੱਲ ਤੱਕਣਾ ਛੱਡ ਕੇ ਉਨ੍ਹਾਂ ਨੂੰ ਪ੍ਰਕਾਸ਼ ਦੇਣੇ ਵਾਲੇ ਜਾਣਕੇ ਅਕਾਲ ਪੁਰਖ ਵੱਲ ਲਿਵ ਲਾਈ; ਉਸ ਨੈ ਈਸ਼੍ਵਰ ਗੁਣ ਗਿਣ ਗਿਣ ਕੇ ਰਾਤ ਕੱਟੀ ਤੇ ਉਸ ਦੀ ਬਿਰਦ ਦੀ ਪੈਜ ਰੱਖਣੇ ਵਾਲੀ ਸੱਤਾ ਦੀ ਅਰਾਧਨਾ ਕੀਤੀ। ਧੰਨ ਕਰਤਾਰ, ਜਿਸ ਨੇ ਉਸ ਦੀ ਟੇਕ ਰੱਖੀ। ਜਦੋਂ ਦਿਲ ਐਉਂ ਸਾਫ ਹੋ ਗਿਆ, ਰਬ ਦਾ, ਆਸਰਾ ਜੀਉਂਦੀ ਸੱਤ੍ਹਾ ਹੋਕੇ ਅੰਦਰ ਭਰ ਗਿਆ ਤਾਂ ਬੁੱਧਿ ਬੀ ਸ਼ਫਾ ਹੋ ਕੇ ਕੰਮ ਕਰਨ ਲੱਗ ਪਈ ਤੇ ਉਸ ਨੂੰ ਆਪਣੀ ਖਲਾਸੀ ਦੀਆਂ ਸੋਝੀਆਂ ਸੁਝਾਉਣ ਲੱਗ ਪਈ।

-੯੯-