ਪੰਨਾ:ਬਿਜੈ ਸਿੰਘ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੋਲ੍ਹੀਆਂ ਅਰ ਟੋਟ 'ਤੇ ਨੀਂਦ ਦੀ ਲੁੱਟ ਵਿਚ ਅਕੜਾਉਂਦੇ ਪਤੀ ਵੱਲ ਘੂਰ ਕੇ ਡਿੱਠਾ, ਪਲੰਘ ਤੋਂ ਉੱਠੀ, ਅਰ ਪਤੀ ਨੂੰ ਪੱਖਾ ਕਰ ਕੇ ਸੁਆ ਦਿਤਾ, ਆਪ ਨਹਾ ਧੋ ਸੋਲਾਂ ਸ਼ਿੰਗਾਰ ਕਰ ਕੇ ਪਤੀ ਨੂੰ ਫੇਰ ਜਗਾਇਆ ਅਰ ਤਿਆਰ ਕਰਕੇ ਕੁਛ ਖੁਆ ਪਿਆ ਕੇ ਦੋ ਗੋਲੀਆਂ ਪਹਿਰੇਦਾਰ ਨਾਲ ਕਰਕੇ ਰਾਜ ਦਰਬਾਰ ਦੇ ਜ਼ਰੂਰੀ ਕੰਮਾਂ ਦੇ ਪੰਜ ਡਿਉਢੀਓਂ ਬਾਹਰ ਕੀਤਾ। ਅੱਗੋਂ ਦੋ ਬੇਗਮ ਦੇ ਭੇਤੀ ਅੜਦਲੀ ਨਾਲ ਹੋ ਤੁਰੇ। ਹਾਕਮ ਸਾਹਿਬ ਤਾਂ ਦਰਬਾਰ ਵਿਚ ਜਾ ਬੈਠੇ ਅਰ ਪੰਜਾਬ ਵਰਗੇ ਮੁਸ਼ਕਲਾਂ ਨਾਲ ਭਰੇ ਦੇਸ ਦੇ ਇੰਤਜ਼ਾਮ ਵਿਚ ਰੁੱਝ ਗਏ। ਉਧਰ ਬੇਗਮ ਸਾਡੀ ਸ਼ੀਲ ਕੌਰ ਪਾਸ ਪਹੁੰਚੀ ਤੇ ਉਸ ਨੂੰ ਬਾਤੀਂ ਛੇਤੀ ਪਰਚਾ ਲਿਆ।

ਬੇਗਮ-ਮੇਰੀ ਪਿਛਲੇ ਜਨਮ ਦੀ ਭੈਣ ਕਿੰਨੇ ਚਿਰਾਂ ਦੇ ਵਿਛੜੇ ਮਿਲੇ ਹਾਂ। ਅਸੀਂ ਪਿਛੋਂ ਇਕੋ ਹੀ ਹਾਂ। ਘਬਰਾ ਕੇ ਨਾ ਨਾ ਤੱਕੋ, ਮੈਂ ਸਚ ਕਹਿੰਦੀ ਹਾਂ। ਅਸੀਂ ਪਿਛੋਂ ਭੈਣਾਂ ਹਾਂ। ਮੈਂ ਖ਼ਬਰੇ ਕੀ ਖੋਟੇ ਕਰਮ ਕਰ ਬੈਠੀ ਜੋ ਤੁਰਕਾਂ ਦੇ ਘਰ ਜੰਮ ਪਈ, ਸੋ ਹੁਣ ਨਿਰਬਾਹ ਕਰਨਾ ਹੀ ਹੋਇਆ ਨਾ? ਕੱਲ ਸੰਝ ਨੂੰ ਜਦ ਮੈਂ ਸੁਣਿਆ ਸੀ ਕਿ ਤੂੰ ਏਥੇ ਫਾਬੀ ਆਈ ਹੈਂ, ਮੇਰੇ ਪੈਰਾਂ ਹੇਠੋਂ ਮਿਟੀ ਨਿਕਲ ਗਈ। ਆਖਾਂ ਹਾਇ ਹਾਇ! ਕੀ ਬਣੇਗਾ! ਸਿਖਾਂ ਦੀਆਂ ਧੀਆਂ ਤਾਂ ਕਦੇ ਧਰਮ ਨਹੀਂ ਹਾਰਦੀਆਂ; ਕਿਤੇ ਵਿਚਾਰੀ ਨੂੰ ਜਿੰਦ ਨਾ ਦੇਣੀ ਪਵੇ। ਇਨ੍ਹਾਂ ਵਿਚਾਰਾਂ ਵਿਚ ਹੀ ਡੁਬਦੀ ਚਲੀ ਗਈ। ਫੇਰ ਮੈਂ ਲੁਕ ਕੇ ਤੈਨੂੰ ਵੇਖਣ ਆਈ। ਵੇਖਦਿਆਂ ਸਾਰ ਭੈਣੇ! ਮੇਰੀਆਂ ਆਂਦਰਾਂ ਫੁੱਟ ਪਈਆਂ। ਕੋਈ ਅੰਦਰਲਾ ਮੋਹ ਜਾਗ ਪਿਆ, ਨਿਰੀ ਭੈਣ ਹੋ ਲੱਗੀਓਂ। ਮੈਂ ਓਸੇ ਵੇਲੇ ਜੀ ਵਿਚ ਠਾਣ ਲਈ ਭਈ ਮੇਰੀ ਜਿੰਦ ਜਾਏ, ਪਰ ਜਾਏ, ਐਪਰ ਇਸ ਪਰਮਾਤਮਾ ਦਾ ਸਤਿ ਧਰਮ ਜ਼ਰੂਰ ਬਚਾ ਦੇਣਾ ਹੈ। ਸੋ ਮੈਂ ਬਹਾਨੇ ਪਾ ਪਾ ਕੇ ਮਾਲਕ ਨੂੰ ਬਹੁਤੀ ਸ਼ਰਾਬ ਪਿਲਾ ਕੇ ਐਸਾ ਬੇਹੋਸ਼ ਕੀਤਾ ਕਿ ਤੁਹਾਨੂੰ ਉਹ ਭੁਲ ਹੀ ਗਿਆ।

ਸ਼ੀਲਾ (ਬੜੀ ਨਿੰਮ੍ਰਤਾ ਨਾਲ)—ਤੁਹਾਨੂੰ ਕਰਤਾਰ ਭਾਗ ਲਾਵੇਂ

-੧੦੧-