ਪੰਨਾ:ਬਿਜੈ ਸਿੰਘ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਰ ਦੀ ਸਹੁੰ ਮੈਨੂੰ ਪਾਣੀ ਪੀਣਾ ਹਰਾਮ ਜੇ।

ਸ਼ੀਲਾ-ਸ੍ਰੀ ਵਾਹਿਗੁਰੂ! ਮੈਥੋਂ ਇਹ ਨਾ ਅਖਵਾਓ, ਉਂਞ ਜੋ ਸੇਵਾ ਚਾਹੋ, ਜੇ ਉਹ ਖਰੀ ਹੋਵੇ ਤਾਂ ਮੈਂ ਨਾਬਰ ਨਹੀਂ।

ਬੇਗਮ-ਆਓ ਫੇਰ ਜੇ ਨਹੀਂ ਕਹਿੰਦੇ, ਤਾਂ ਮੈਂ ਮੈਂ (ਹੱਥ ਕਟਾਰ ਦੇ ਦਸਤੇ ਤੇ ਜਾ ਪੁੱਜਾ)।

ਸ਼ੀਲਾ-ਵਾਹਿਗੁਰੂ ਜੀ! ਹੈਂ ਇਹ ਕੀ? (ਹੱਥ ਫੜ ਕੇ) ਭੈਣ ਕਹਿਣ ਵਿਚ ਮੈਨੂੰ ਕੋਈ ਉਜ਼ਰ ਨਹੀਂ, ਤੁਸੀਂ ਸਮਰੱਥ ਤੇ ਸੁਤੰਤਰ ਹੋ, ਨਿਬਾਹ ਸਕਦੇ ਹੋ, ਮੈਂ ਬੰਦੀ ਵਿਚ ਹਾਂ ਮੇਰਾ ਨਿਭਣਾ ਭੈਣ ਬਣ ਕੇ ਬਹੁਤ ਕਠਨ ਹੈ। ਮਿਤ੍ਰਾ ਬਰੱਬਰ ਦਿਆਂ ਵਿਚ ਤੇ ਖੁਲ੍ਹ ਵਿਚ ਪੁਗਦੀ ਹੈ। ਮੈਂ ਤੁਹਾਡੀ ਸੁਭਿਛਕ ਹਾਂ, ਪਰ ਭੈਣ ਮੂੰਹੋਂ ਨਾ ਕਢਵਾਓ।

ਬੇਗਮ- (ਕਟਾਰ ਕੱਢਕੇ)-ਐਹ ਲਓ, ਜੇ ਨਹੀਂ ਮੰਨਦੇ ਤਾਂ ਮੈਂ। ਸ਼ੀਲਾ (ਹੱਥ ਫੜ ਕੇ)—ਨਾ ਭੈਣ ! ਇਹ ਕੰਮ ਨਾ ਕਰ, ਮੈਨੂੰ ਜੋ ਕਹੋ ਹਾਜ਼ਰ ਹਾਂ। ‘ਭੈਣ’' ਪਦ ਮੂੰਹੋਂ ਨਿਕਲਣ ਦੀ ਢਿੱਲ ਸੀ ਕਿ ਬੇਗਮ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ ਕਰ ਰੋ ਪਈ। ਪਿਆਰੀ ਭੈਣ! ਮੇਰੇ ਦਿਲ ਦਾ ਦੁਖ ਵੰਡਣ ਵਾਲੀ ਦਰਦਣ ਮੇਰੇ ਪਾਸ ਕੋਈ ਨਹੀਂ! ਮੇਰੇ ਉਦਾਲੇ ਨੌਕਰਾਣੀਆਂ ਤੇ ਮਤਲਬ ਨੂੰ ਪ੍ਯਾਰ ਕਰਨ ਵਾਲੀਆਂ ਬਤੇਰੀਆਂ ਹਨ, ਪਰ ਅੱਜ ਖੁਦਾ ਨੇ ਤੂੰ ਮੇਲੀ ਹੈਂ ਸ਼ੁਕਰ ਹੈ ਉਸ ਦੀ ਦਰਗਾਹ ਦਾ ਜਿਨ੍ਹ ਮੇਰੇ ਹਾਲ ਤੇ ਰਹਿਮ ਕੀਤਾ ਹੈ।

ਸ਼ੀਲਾ-ਸ਼ੁਕਰ ਦੀ ਥਾਂ ਤਾਂ ਮੈਨੂੰ ਹੈ ਜਿਸ ਦਾ ਐਸ ਵੇਲੇ ਅਕਾਲ ਪੁਰਖ ਤੋਂ ਛੁੱਟ ਕੋਈ ਦਰਦੀ ਨਹੀਂ, ਸੋ ਉਸ ਮਿਹਰਾਂ ਵਾਲੇ ਸਾਂਈਂ ਨੇ ਐਸੀ ਔਕੜ ਦੇ ਵੇਲੇ ਤੁਹਾਨੂੰ ਮੇਰਾ ਸੱਜਣ ਬਣਾਇਆ ਹੈ ਕਿ ਜਿਸ ਵੇਲੇ ਕੋਈ ਕਿਸੇ ਦਾ ਨਹੀਂ ਬਣਦਾ। ਇਸ ਭਾਰੀ ਪ੍ਰਣ ਨੂੰ ਜੋ ਅੱਜ ਮੈਂ ਧਾਰ ਲਿਆ ਹੈ ਕਰਤਾਰ ਸਿਰੇ ਚੜ੍ਹਾਵੇ, ਮੇਰੇ ਵਿਚ ਸਮਰੱਥਾ ਨਹੀਂ, ਪਰ ਗੁਰੂ ਮੇਰੀ ਟੇਕ ਰੱਖੇ। ਹਾਂ, ਇਕ ਧਰਮ ਤੁਸੀਂ ਬੀ ਮੇਰੇ ਨਾਲ ਪਾਲਣ ਦਾ ਕੌਲ ਕਰੋ!

ਬੇਗਮ-ਦੱਸੋ ਭੈਣ ਜੀ! ਮੈਂ ਤੁਸਾਂ ਦੇ ਸੁਖ ਵਿਚ ਸੁਖ ਮਨਾਵਾਂਗੀ।

-੧੦੩-