ਪੰਨਾ:ਬਿਜੈ ਸਿੰਘ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਦਰ ਭਰੇ ਜਿਹੇ ਵਾਂਗ ਸੀ। ਸਿੰਘਣੀਆਂ ਦੀ ਦਸ਼ਾ ਦੇਖ ਕੇ ਸਭ ਦੀਆਂ ਅੱਖਾਂ ਵਿਚੋਂ ਲਹੂ ਉਤਰ ਆਇਆ। ਬੱਚਿਆਂ ਦੇ ਟੁਕੜੇ ਖਿੱਲਰੇ ਹੋਏ, ਬਦਬੋ ਫੈਲੀ ਹੋਈ, ਇਨ੍ਹਾਂ ਵਿਚਾਰੀਆਂ ਦੀਆਂ ਮੁਸ਼ਕਾਂ ਕੱਸੀਆਂ ਹੋਈਆਂ, ਕਈ ਥੰਮ੍ਹਾਂ ਨਾਲ ਜਕੜੀਆਂ ਹੋਈਆਂ, ਕਈ ਮੋਈਆਂ ਪਈਆਂ, ਕਈ ਸਿਸਕ ਰਹੀਆਂ ਸਨ। ਕਪੜੇ ਵਿਚਾਰੀਆਂ ਦੇ ਲੀਰਾਂ ਨਾਲੋਂ ਬੀ ਪਰਲੇ ਪਾਰ, ਚਿਹਰੇ ਮਜਨੂੰ ਨਾਲੋਂ ਬੀ ਲਿੱਸੇ,ਪਰ ਜਿੱਕਰ ਮੋਏ ਸੱਪ ਦੀ ਬੀ ਮਣੀ ਚਮਤਕ੍ਰਿਤ ਰਹਿੰਦੀ ਹੈ, ਤਿਵੇਂ ਵਾਹਿਗੁਰੂ ਸ਼ਬਦ ਦੀ ਧੁਨਿ ਉਹਨਾਂ ਦੇ ਹਿਰਦਿਆਂ ਵਿਚੋਂ ਅਚਰਜ ਪਿਆਰ ਨਾਲ ਲਿਸ਼ਕ ਦੇ ਰਹੀ ਸੀ। ਬਿਜੈ ਸਿੰਘ ਦੀ ਫੁਰਤੀ ਤੇ ਸਾਥੀਆਂ ਦੀ ਚਲਾਕੀ ਨੇ ਝਟਪਟ ਮੁਸ਼ਕਾਂ ਕੱਟਣੀਆਂ ਸ਼ੁਰੂ ਕੀਤੀਆਂ, ਸਦਾਰ ਕੂੜਾ ਸਿੰਘ ਹੁਰੀਂ ਆਪਣੇ ਚਾਦਰੇ ਤੇ ਹੋਰਨਾਂ ਸਾਥੀਆਂ ਦੇ ਵਾਧੂ ਕਪੜੇ ਲੈ ਲੈ ਉਨ੍ਹਾਂ ਨੂੰ ਦੇਈ ਜਾ ਰਹੇ ਹਨ, ਜਿਨ੍ਹਾਂ ਦੇ ਕਪੜੇ ਫਟ ਫਟ ਕੇ ਪਿੰਡੇ ਨੂੰ ਲੁਕਾਉਣ ਜੋਗੇ ਬੀ ਨਹੀਂ ਰਹੇ ਹੋਏ। ਪਿਛਲੇ ਜੱਥੇਦਾਰਾਂ ਦੇ ਏਹ ਪਿਆਰ ਤੇ ਭਾਵਨਾਂ ਹੁੰਦੀਆਂ ਸਨ ਅੱਜ ਕੱਲ ਤਾਂ ਅਨੇਕਾਂ ਘਰਾਣੇ ਸ਼ਰਾਬ ਆਦਿ ਕੁਕਰਮਾਂ ਦੇ ਸ਼ਿਕਾਰ ਹੋ ਗਏ ਹਨ ਤੇ ਫੈਸ਼ਨਾਂ ਤੇ ਦਿਖਾਵਿਆਂ ਮਗਰ ਲੱਗ ਕੇ ਗਿਰ ਰਹੇ ਹਨ। ਕਈ ਅਯਾਸ਼ੀਆਂ ਵਿਚ ਪੈ ਕੇ ਜਗੀਰਾਂ ਤੇ ਵੱਡਿਆਂ ਦੀਆਂ ਕਮਾਈਆਂ ਰੂੜ੍ਹਾ ਰੁੜ੍ਹਾ ਕੇ ਕੰਗਾਲ ਹੋਈ ਜਾਂਦੇ ਹਨ।

ਇਸ ਵੇਲੇ ਸਿੰਘਾਂ ਦੀਆਂ ਅੱਖਾਂ ਦੀ ਪਵਿਤ੍ਰ ਅਰ ਨੀਵੀਂ ਦ੍ਰਿਸ਼ਟੀ ਸਿੰਘਣੀਆਂ ਦੀ ਸ਼ੁਕਰ-ਗੁਜ਼ਾਰੀ ਅਰ ਪ੍ਰਸੰਨਤਾਈ ਦੇਖਣ ਦੇ ਜੋਗ ਸੀ, ‘ਸਤਿ ਸ੍ਰੀ ਅਕਾਲ' ਤੇ ‘ਵਾਹਿਗੁਰੂ ਜੀ ਕੀ ਫਤੋ’ਤੇ ‘ਧੰਨ ਸਤਿਗੁਰ' ਦੇ ਜੈਕਾਰੇ ਗੱਜ ਰਹੇ ਹਨ। ਸਾਰਾ ਕਾਰਜ ਫਤੇ ਹੋ ਗਿਆ। ਭਾਵੇਂ ਲਾਹੌਰ ਵਿਚ ਮੰਨੂੰ ਦੀ ਮੌਤ, ਮੰਨੂੰ ਦੀ ਫ਼ੌਜ ਤੇ ਮੰਨੂੰ ਦੀ ਬੇਗਮ ਤੇ ਉਮਰਾਵਾਂ ਦੇ

——————

  • ਇਸ ਥਾਂ ਤੇ ਮਸੀਤ ਜੇਹੀ ਇਮਾਰਤ ਅਜੇ ਤਕ ਖੜੀ ਹੈ ਤੇ ਸਿਖਾਂ ਦੇ ਕਬਜ਼ੇ ਵਿਚ ਹੈ ਤੇ ਸਿੰਘਣੀਆਂ ਦੇ ਦੁਖੜਿਆਂ ਦੀ ਪਵਿੱਤਰ ਯਾਦਗਾਰ ਹੈ। ਮਗਰੋਂ ਦੀ-੧੯੩੫ ਦੇ ਅਖ਼ੀਰ ਵਿਚ ਇਹ ਜਗ੍ਹਾ ਢਾ ਦਿੱਤੀ ਗਈ ਹੈ। ਪਾਕਿਸਤਾਨ ਬਣਨ ਤੋਂ ਹੁਣ ਪਤਾ ਨਹੀਂ ਕੀ ਹਾਲ ਹੈ।

-੧੧੨-