ਪੰਨਾ:ਬਿਜੈ ਸਿੰਘ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁੱਖ ਸਿੱਖਾਂ ਦਾ ਸੀ ਸੌ ਮੋਮਨ ਖਾਂ ਨਾਇਬ ਨੂੰ ਫੌਜਾਂ ਦੇਕੇ ਅਮਨ ਕਰਾਉਣ ਵਾਸਤੇ ਲਾਇਆ ਤੇ ਭਿਖਾਰੀ ਖਾਂ ਨੂੰ-ਜਿਸ ਦੀ ਬਣਵਾਈ ਹੋਈ ਸੁਨਹਿਰੀ ਮਸੀਤ ਇਸ ਵੇਲੇ ਤਕ ਲਾਹੌਰ ਵਿਚ ਹੈ-ਵਜ਼ੀਰ ਮੁਕਰਰ ਕੀਤਾ। ਇਹ ਬੜਾ ਭਲਾ ਸੁੰਦਰ ਅਰ ਚਤੁਰ ਪੁਰਖ ਸੀ, ਇਸ ਦੀ ਸਲਾਹ ਨਾਲ ਬੇਗਮ ਦਾ ਰਾਜ ਪਤੀ ਵਾਂਗ ਹੀ ਤੁਰ ਪਿਆ।

ਸ਼ੀਲ ਕੌਰ ਤੇ ਉਸਦਾ ਲਾਲ ਮਹਿਲਾਂ ਵਿਚ ਹੀ ਰਹੇ। ਜਦੋਂ ਮੀਰ ਮੰਨੂੰ ਸ਼ਿਕਾਰ ਗਿਆ ਸੀ ਤਦ ਬੇਗਮ ਨੇ ਪੂਰਾ ਬਾਨਣੂ ਇਸ ਗੱਲ ਦਾ ਬੰਨ੍ਹ ਲਿਆ ਹੋਇਆ ਸੀ ਕਿ ਉਸ ਦੇ ਆਉਣ ਤੋਂ ਮੂਹਰੇ ਹੀ ਮਾਂ ਪੁੱਤਰ ਦਾ ਝਗੜਾ ਪਾਰ ਕਰ ਛੱਡੇ ਪਰ ਉਧਰੋਂ ਮੰਨੂੰ ਦੇ ਮਰ ਜਾਣ ਦੀ ਖ਼ਬਰ ਆ ਗਈ। ਹੁਣ ਬੇਗਮ ਨੂੰ ਆਪਣੀ ਬਨਾਵਟੀ ਭੈਣ ਦਾ ਆਪਣੇ ਪਾਸ ਰਹਿਣਾ ਇਕ ਸੁਖ ਤੇ ਆਸਰਾ ਹੋ ਦਿੱਸਿਆ। ਸ਼ੀਲ ਕੌਰ ਦੀ ਅਕਲ ਤੇ ਭਲਿਆਈ ਉਸ ਨੂੰ ਸਮਝੇ ਪੈ ਚੁਕੀਆਂ ਸਨ। ਸੋ ਹੁਣ ਉਸ ਦੀ ਸਲਾਹ ਮੱਤ ਵਰਤਣ ਲੱਗ ਪਈ। ਉਸਦੀ ਸੁਥਰੀ ਅਕਲ ਉਸ ਨੂੰ ਕਈ ਔਕੜਾਂ ਵਿਚ ਐਸੀਆਂ ਸਲਾਹਾਂ ਦੇਂਦੀ ਸੀ ਕਿ ਬੇਗਮ ‘ਵਾਹ ਵਾਹ' ਕਰ ਉਠਦੀ ਸੀ। ਇਸ ਤਰ੍ਹਾਂ ਬੇਗਮ ਦੇ ਜੀ ਵਿਚ ਸ਼ੀਲ ਕੌਰ ਦਾ ਸਤਿਕਾਰ ਵਧਿਆ ਅਰ ਉਸ ਦੀ ਸੱਚੀ ਮੁਚੀ ਦੀ ਦਰਦਣ ਹੋ ਗਈ! ਭਿਖਾਰੀ ਖਾਂ ਨੂੰ ਦਰਬਾਰੀ ਕੰਮਾਂ ਤੋਂ ਬਾਦ ਬੇਗਮ ਕਈ ਵਾਰ ਮਹਿਲਾਂ ਵਿਚ ਸੱਦ ਲਿਆ ਕਰਦੀ ਸੀ, ਪਰ ਸ਼ੀਲ ਕੌਰ ਨੇ ਸਮਝਾਇਆ ਕਿ ਇਸ ਦਾ ਅੰਤ ਬੁਰਾ ਨਿਕਲੇਗਾ ਅਰ ਰਾਜ ਭਾਗ ਨਹੀਂ ਰਹੇਗਾ। ਬੇਗਮ ਨੇ ਇਹ ਗੱਲ ਔਖੇ ਸੌਖੇ ਹੋ ਕੇ ਮੰਨ ਲਈ ਤਦ ਉਸਨੂੰ ਪਤਾ ਲੱਗਾ ਕਿ ਦਰਬਾਰੀ ਬੀ ਇਸ ਗਲ ਨੂੰ ਚੰਗਾ ਨਹੀਂ ਸਨ ਜਾਣਦੇ। ਇਸ ਪ੍ਰਕਾਰ ਦੀਆਂ ਉੱਤਮ ਸਲਾਹਾਂ ਨੇ ਸ਼ੀਲ ਕੌਰ ਨੂੰ ਕੈਦ ਵਿਚ ਬੀ ਅਮੀਰੀ ਤੇ ਪੁਚਾ ਦਿੱਤਾ। ਪਰ ਸ਼ੋਂਕ! ਸ਼ੀਲ ਕੌਰ ਕਦੀ ਖਿੜ ਕੇ ਨਹੀਂ ਬੈਠੀ, ਸਦੀਵ ਕੁਮਲਾਈ ਹੋਈ ਰਹਿੰਦੀ। ਪਤੀ ਦਾ ਵਿਯੋਗ ਉਸ ਦੇ ਚਿੱਤ ਪੁਰ ਐਸਾ ਪੱਥਰ ਸੀ, ਜੋ ਹਿਰਦੇ ਨੂੰ ਉਮਗਣ ਨਾ ਦਿੰਦਾ। ਇਹ ਦੁੱਖ ਐਸਾ ਭਾਰਾ ਸੀ ਕਿ ਸ਼ੀਲ ਕੌਰ ਜੇ ਪਰਮੇਸ਼ੁਰ ਦੀ ਪਿਆਰੀ ਨਾ ਹੁੰਦੀ ਤਾਂ ਜ਼ਰੂਰ

-੧੧੬-