ਪੰਨਾ:ਬਿਜੈ ਸਿੰਘ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਂਦਾ। ਇਹਨਾਂ ਦੇ ਟਾਕਰੇ ਤੇ ਪਿੱਛੇ ਕਰਨੇ ਐਸੇ ਜ਼ਬਰਦਸਤ ਸਨ ਕਿ ਇਨ੍ਹਾਂ ਨੇ ਉਸ ਜ਼ਾਲਮ ਨੂੰ ਹਿੰਦ ਵਿਚ ਮੁੜ ਬਿਦੇਸ਼ੀ ਪਠਾਣੀ ਰਾਜ ਕਾਇਮ ਕਰਨ ਵਿਚ ਕਾਮਯਾਬ ਨਹੀਂ ਹੋਣ ਦਿੱਤਾ । ਵਡੇ ਘੱਲੂਘਾਰੇ ਦੀ ਬੀਰਤਾ ਨੇ ਅਬਦਾਲੀ ਦੇ ਹੌਸਲੇ ਨੂੰ ਅੰਦਰੋਂ ਭੰਨ ਦਿੱਤਾ ਸੀ। ਫੇਰ ਸਿੰਘਾਂ ਦੇ ਕਾਰਨਾਮੇ ਤੱਕਣੇ ਹੋਣ ਤਾਂ ਕਿਸੇ ਅੰਗਰੇਜ਼ੀ ਇਤਿਹਾਸ" ਵਿਚ ਹੀ ਸਹੀ; ਨੁਸ਼ਹਿਰੇ ਦਾ ਸਿੰਘ ਯੁਧ ਪੜ੍ਹ ਲਈਏ ਤਾਂ ਬੀ ਕੁਛ ਪਤਾਲੱਗ ਜਾਂਦਾ ਹੈ ਕਿ ਸਿਖ ਕਿਸ ਬਹਾਦਰੀ ਦੇ ਬੰਦੇ ਹੋਏ ਹਨ।

ਅਸੀਂ ਤਾਂ ਹੋਰ ਹੀ ਪਾਸੇ ਚਲੇ ਗਏ, ਆਓ ਆਪਣੀ ਵਿਥਿਆ ਦੀ ਲੜੀ ਨੂੰ ਫੜੀਏ ! ਪਿਆਰੇ ਬਿਜੈ ਸਿੰਘ ਦੀ ਲੋਥ ਸਾਰੀ ਰਾਤ ਮੱਧਮ ਸੁਆਸ ਲੈ ਲੈ ਵਕਤ ਗੁਜ਼ਾਰਦੀ ਰਹੀ ਜਿਕਰ ਭਾਦਰੋਂ ਦੇ ਵੱਟ ਵਿਚ ਬਹੁਤ ਉੱਚੇ ਪੱਤੇ ਰਤਾ ਰਤਾ ਹਿਲਦੇ ਹਨ । ਸਵੇਰ ਹੋਈ ਤਾਂ ਨੱਸ਼ੇ ਭੱਜੇ ਲੋਕ ਆਪਣੇ ਪਿੰਡ ਸੰਭਾਲਣ ਲਈ ਘਰਾਂ ਨੂੰ ਆਏ। ਇਧਰੋਂ ਕਿਸਮਤ ਦੇ ਬਲੀ ਪੰਡਤ ਜੀ, ਚੂਹੜਮੱਲ ਦੇ ਪ੍ਰੋਹਤ ਹੁਰੀਂ; ਜੋ ਲਾਹੌਰ ਦੇ ਸੂਹੀਆਂ ਵਿਚੋਂ ਇਕ ਸਨ, ਉਧਰ ਆ ਨਿਕਲੇ। ਇਨ੍ਹਾਂ ਦੇ ਨਾਲ ਕੁਝ ਸਿਪਾਹੀ ਬੀ ਸਨ ! ਟੋਏ ਦੇ ਪਾਸੋਂ ਲੰਘੇ ਤਾਂ ‘ਸ੍ਰੀ ਵਾਹਿਗੁਰੂ' ਦੀ ਮੱਧਮ ਆਵਾਜ਼ ਕੰਨੀਂ ਪਈ। ਆਵਾਜ਼ ਸੁਣਦੇ ਹੀ ਆਪ ਹੁਰੀਂ ਠਿਠਕੇ ਤੇ ਕੋਲ ਆ ਕੇ ਦੇਖਣ ਲੱਗੇ। ‘ਓਹੋ ! ਇਹ ਤਾਂ ਬਿਜੈ ਸਿੰਘ ਲੁੱਛ ਰਿਹਾ ਹੈ।' ਆਪ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਇਹ ਆਪਣੇ ਭਾਣੇ ਉਸ ਨੂੰ ਮਰਵਾ ਚੁਕੇ ਸਨ, ਮੁੱਲ ਵੀ ਵੱਟ ਕੇ ਖਾ ਚੁਕੇ ਸਨ, ਹੁਣ ਅੱਖਾਂ ਅੱਗੇ ਫੇਰ ਜੀਉਂਦਾ ਦਿੱਸਿਆ। ਲਾਹੌਰ ਵਿਚੋਂ ਜਦ ਸੂੰਹੀਏਂ ਤਲਾਸ਼ ਕਰਨ ਨਿਕਲੇ ਸਨ, ਤਦ ਇਸ ਨੂੰ ਪਤਾ ਲੱਗ ਗਿਆ ਸੀ ਕਿ ਬੇਗਮ ਨੂੰ

————

ਦੇਖੋ ਗ੍ਰਿਫਨ ਦਾ ਰਣਜੀਤ ਸਿੰਘ। ਨਿਪੁੰਲੀਅਨ ਅਰ ਰਣਜੀਤ ਸਿੰਘ ਦਾ ਮੁਕਾਬਲਾ ਕਰਦੇ ਹੋਏ ਉਸ ਨੇ ਸਿੰਘ ਜੀ ਦਾ ਵਾਧਾ ਦਿਖਾਇਆ ਹੈ, ਕਿ ਨਿਪੋਲੀਅਨ ਕਈ ਸਾਲ ਕੈਦ ਵਿਚ ਰਹਿ ਕੇ ਮੋਇਆ ਪਰ ਸਿੰਘ ਜੀ ਦਾ ਮਰਦੇ ਦਮ ਤਕ ਹੁਕਮ ਮਨਦਾ ਰਿਹਾ। ਜੀਭ ਮਾਰੀ ਗਈ ਪਰ ਸੈਂਨ ਨਾਲ ਹੁਕਮ ਜਾਰੀ ਰਿਹਾ, ਕਿਸੇ ਅੱਖ ਉੱਚੀ ਨਹੀਂ ਕੀਤੀ। ਚਾਹੇ ਇਸ ਇਤਿਹਾਸਕਾਰ ਨੇ ਸਮਾਚਾਰ ਕਿਸੇ ਅਨੋਖੀ ਰੰਗਤ ਵਿਚ ਲਿਖੇ ਹਨ, ਪਰ ਸੱਚ ਲੁਕਦਾ ਨਹੀਂ!

-੧੨੧-