ਪੰਨਾ:ਬਿਜੈ ਸਿੰਘ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੋ ਕੋਈ ਗੱਲ ਸਾਡੀ ਸੋਚੋਂ ਉਲਟ ਹੋਰ ਨਿਕਲ ਪਈ ਤਾਂ ਚਾਰ ਦਿਨ ਲਾਂਭੇ ਹੋ ਜਾਵਾਂਗੇ, ਕਿਹੜਾ ਪੰਜਾਬ ਦਾ ਰਾਜ ਕੋਈ ਪੱਕਾ ਰਾਜ ਹੈ। ਇਸ ਤਰ੍ਹਾਂ ਬਿਜੈ ਸਿੰਘ ਜੀ ਲਾਹੌਰ ਆਏ। ਪੰਡਤ ਜੀ ਤੇ ਸਿਪਾਹੀਆਂ ਨੇ ਇਨਾਮ ਲਿਆ ਅਰ ਬਿਜੈ ਸਿੰਘ ਜੀ ਮੰਜੀ ਪੁਰ ਪਏ, ਮਹਿਲਾਂ ਦੇ ਅੰਦਰ ਪੁਚਾਏ ਗਏ। ਬੇਗਮ ਨੇ ਦਰਸ਼ਨ ਨਹੀਂ ਕੀਤਾ, ਕਿਉਂਕਿ ਉਸ ਦੇ ਪੁੱਤਰ ਨੂੰ ਮਾਤਾ ਨਿਕਲੀ ਸੀ, ਅਰ ਉਹ ਉਸ ਦੇ ਇਲਾਜ ਵਿਚ ਰੁੱਝੀ ਹੋਈ ਸੀ ਪਰ ਤਦ ਬੀ ਕਈ ਹਕੀਮ ਸਿੰਘ ਜੀ ਦੇ ਇਲਾਜ ਵਿਚ ਲਾਏ ਗਏ ਅਰ ਸਭ ਬੰਦੋਬਸਤ ਸੁਖ ਦਾ ਹੋ ਗਿਆ। ਇਸ ਵੇਲੇ ਸ਼ੀਲ ਕੋਰ ਭੀ ਮਹਿਲਾਂ ਦੇ ਅੰਦਰ ਕੁਛ ਹੁਕਮ ਹਾਸਲ ਰੱਖਦੀ ਸੀ।

ਕਿਆ ਅਸਚਰਜ ਹੈ! ਬਿਜੈਸਿੰਘ ਜੋ ਟੋਏ ਵਿਚ ਪਿਆ ਮਾਨੋਂ ਆਪਣੇ ਛੋਕੜਲੇ ਸ੍ਵਾਸ ਲੈ ਰਿਹਾ ਸੀ, ਫੇਰ ਆਪਣੇ ਪੁਤ੍ਰ ਤੇ ਵਹੁਟੀ ਪਾਸ ਪਹੁੰਚਾ ਵਹੁਟੀ ਤੇ ਪੁਤ ਦੀ ਖ਼ੁਸ਼ੀ ਦੀ ਐਸ ਵੇਲੇ ਕਿਹੜੀ ਹੱਦ ਸੀ, ਜਿਨ੍ਹਾਂ ਨੂੰ ਪਿਆਰਾਂ ਦਾ ਸਾਂਈਂ ਫੇਰ ਜੀਉਂਦਾ ਜਾਗਦਾ ਮਿਲ ਪਿਆ । ਵਾਹਵਾ, ਧੰਨ ਪਰਮੇਸ਼ੁਰ ਤੇ ਧੰਨ ਪਰਮੇਸ਼ੁਰ ਜੀ ਦੇ ਕਾਰਖਾਨੇ ! ਸ਼ੀਲਾ ਜੀ ਨੇ ਸਿਰਤੋੜ ਪਤੀ ਦੀ ਸੇਵਾ ਕੀਤੀ, ਦਿਨ ਰਾਤ ਪਾਸ ਬੈਠੀ ਟਹਿਲ ਕਰਦੀ ਰਹਿੰਦੀ। ਭਾਵੇਂ ਅਨੇਕਾਂ ਟਹਿਲ ਵਾਲੇ ਇਸ ਵੇਲੇ ਹਾਜ਼ਰ ਸਨ, ਪਰ ਸ਼ੀਲ ਕੌਰ ਆਪ ਸੇਵਾ ਕਰਕੇ ਧੰਨ ਭਾਗ ਸਮਝਦੀ । ਹਕੀਮਾਂ ਦਾ ਇਲਾਜ ਤਾਂ ਸੀ ਹੀ ਪਰ ਵਹੁਟੀ ਦੀ ਪ੍ਰੇਮ ਸੇਵਾ ਸਭ ਕੋਲੋਂ ਚੰਗਾ ਅਸਰ ਰਖਦੀ ਸੀ। ਗੱਲ ਕੀ, ਖ਼ੁਸ਼ੀ ਅਰ ਸੇਵਾ ਨਾਲ ਸਰੀਰ ਫਿਰ ਆਇਆ। ਕੁਛ ਥੋੜੇ ਚਿਰ ਵਿਚ ਸਿੰਘ ਜੀ ਰਾਜੀ ਖ਼ੁਸ਼ੀ ਹੋ ਗਏ। ਕਰੜੇ ਦੰਦਾਂ ਵਿਚ ਜਿਕਰ ਜੀਭ ਰਹਿੰਦੀ ਹੈ ਤਿਵੇਂ ਵੈਰੀਆਂ ਦੇ ਮਹਿਲਾਂ ਵਿਚ ਖਾਲਸੇ ਦਾ ਦੁਖੀ ਟੱਬਰ ਫੇਰ ਸੁਖੀ ਰਹਿਣ ਲੱਗਾ । ਕਰਤਾਰ ਨੇ ਦਿਨ ਫੇਰੇ ਤਾਂ ਪੁੱਠੀਆਂ ਸਿੱਧੀਆਂ ਪੈ ਗਈਆਂ 1 ਕਿੱਥੇ ਬਨਾਂ ਦੀਆਂ ਬਿਪਤਾ ਕਿੱਥੇ ਏਹ ਪਾਤਸ਼ਾਹੀ ਸੁਖ ? ਸ਼ੀਲਾ ਵੱਲ ਦੇਖੋ ਬਸੰਤ ਦੀ ਸਰੋਂ ਦੀ ਗੰਦਲ ਵਾਂਗ ਖਿੜ ਰਹੀ ਹੈ, ਭੁਜੰਗੀ ਵੱਲ ਦੇਖੋ ਤਾਂ ਬਨ ਵਿਖੇ ਹਰਨਾਂ ਦੇ ਬੱਚਿਆਂ ਵਾਂਗ ਚੌਕੜੀਆਂ ਭਰਦਾ ਫਿਰਦਾ ਹੈ, ਬਿਜੈ ਸਿੰਘ ਵੱਲ ਤੱਕ ਤਾਂ ਗੁਲਾਬ ਦੇ ਫੁੱਲ

-੧੨੩-