ਪੰਨਾ:ਬਿਜੈ ਸਿੰਘ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਂਗ ਕਿਸ ਪ੍ਰਕਾਰ ਲਹਿ ਲਹਿ ਕਰ ਰਿਹਾ ਹੈ, ਪਰ ਇਸ ਆਨੰਦ ਵਿਚ ਖਾਲਸਈ ਟੱਬਰ ਮਸਤ ਨਹੀਂ ਹੋ ਗਿਆ, ਆਪਣੇ ਭਰਾਵਾਂ ਵਿਚ ਪਹੁੰਚ ਕੇ ਪੰਥ ਦੀ ਸੇਵਾ ਕਰਨੇ ਦਾ ਉਪਾਉ ਸੋਚਦੇ ਹੀ ਰਹਿੰਦੇ ਹਨ।

ਕਾਂਡ. ੧੭।

ਬੇਗਮ ਵਿਚਾਰੀ ਦੇ ਸਿਰ ਹੋਰ ਬਿਪਤਾ ਆ ਪਈ। ਉਸ ਦੀਆਂ ਉਮੈਦਾਂ ਦਾ ਨੌ ਨਿਹਾਲ, ਪੰਜਾਬ ਦਾ ਮਾਲਕ ਤਿੰਨ ਵਰ੍ਹੇ ਦਾ ਨਵਾਬ ਇਕਲੌਤਾ ਬਚੜਾ 'ਅਮੀਨੁੱਦੀਨ' ਸੀਤਲਾ ਦੇ ਰੋਗ ਨਾਲ ਲੁੱਛ ਲੁੱਛ ਕੇ ਇਸ ਸੰਸਾਰ ਤੋਂ ਤੁਰਦਾ ਹੋਇਆ। ਵਿਚਾਰੀ ਦੇ ਭਾ ਦੀ ਅਪਦਾ ਆ ਪਈ, ਸਾਰਾ ਸੰਸਾਰ ਅੱਖਾਂ ਅੱਗੇ ਹੋ ਗਿਆ। ਪਤੀ ਮੋਇਆ ਸੀ ਤਾਂ ਰਾਜ ਭਾਗ ਤਾਂ ਨਹੀਂ ਸੀ ਗਿਆ, ਉਹ ਇਸ ਬੱਚੇ ਦੇ ਬਹਾਨੇ ਬਚ ਗਿਆ ਸੀ, ਪਰ ਸ਼ੌਕ! ਇਸ ਲਾਡਲੇ ਦੀ ਮੌਤ ਨਾਲ ਤਾਂ ਸਭ ਕੁਝ ਉਡ ਗਿਆ ਦਿੱਸਦਾ ਹੈ। ਪਰ ਸ਼ੀਲ ਕੌਰ ਦੀ ਨੇਕ ਸਲਾਹ ਨੇ ਬੇਗਮ ਨੂੰ ਗਮ ਵਿਚ ਵੀ ਉੱਤਮ ਸਹਾਰਾ ਦਿੱਤਾ। ਰਾਤ ਨੂੰ ਬੇਗਮ ਬਿਜੈ ਸਿੰਘ ਦੇ ਪਾਸ ਸਲਾਹ ਲੈਣ ਲਈ ਪਹੁੰਚੀ। ਸਿੰਘ ਦਾ ਸੁੰਦਰ ਚਿਹਰਾ ਬੇਗਮ ਦੇ ਦਿਲ ਵਿਚ ਕੁਛ ਘਰ ਕਰ ਗਿਆ ਹੋਇਆ ਸੀ। ਕਾਹਨੂੰ ਵਿਚਾਰੀ ਨੇ ਕਦੀ ਕਿਸੇ ਸੁਡੌਲ ਸੁਹਣੇ ਸਿੰਘ ਦਾ ਦਰਸ਼ਨ ਕੀਤਾ ਸੀ, ਇਸ ਪੁਰ ਜਦ ਸਿੰਘ ਹੁਰਾਂ ਨਾਲ ਗੱਲਾਂ ਕੀਤੀਆਂ ਤੇ ਸਲਾਹ ਮਸ਼ਵਰੇ ਪੁਛੋ, ਤਦ ਉਸ ਦੀ ਮਿੱਠੀ ਆਵਾਜ਼ ਤੇ ਲੁਕਮਾਨ ਵਾਲੀ ਦੂਰੰਦੇਸ਼ੀ ਦੀ ਅਕਲ ਦੇਖ ਕੇ ਬੇਗਮ ਦੇ ਜੀ ਵਿਚ ਬੜਾ ਗੁਣੀ ਤੇ ਆਦਰ ਦੇਣ ਜੋਗ ਦਾਨਾ ਭਾਸਣ ਲੱਗ ਪਿਆ। ਬਿਜੈ ਸਿੰਘ ਨੇ ਉਸ ਨੂੰ ਸਮਝਾਇਆ ਕਿ ਦਰਬਾਰੀਆਂ ਨੂੰ ਮੁੱਠ ਵਿਚ ਲੈ ਕੇ ਅੱਗੇ ਵਾਂਙੂ ਨਵਾਬੀ ਆਪਣੇ ਨਾਮ ਕਰਵਾ ਲਵੇਂ। ਦੋਵੇਂ ਧਿਰਾਂ ਤੇਰੇ ਪ੍ਰਬੰਧ ਨਾਲ ਖ਼ੁਸ਼ ਹਨ। ਇਧਰ ਸਿੱਖਾਂ ਨਾਲ ਲੜਨ ਦੀ ਥਾਵੇਂ ਕੋਈ ਸੁਲਹ ਦਾ ਕਦਮ ਚਾ ਲਓ ਪਿਆਰ ਨਾਲ ਸੁਖ ਵਰਤ ਜਾਏਗਾ। ਸਵੇਰੇ ਹੀ ਬੇਗਮ ਨੇ ਦਰਬਾਰੀਆਂ ਨੂੰ ਸੱਦ ਕੇ ਐਸੀ ਗੱਲ ਬਾਤ ਕੀਤੀ ਕਿ ਸਭ ਨੂੰ ਮੁੱਠ ਵਿਚ ਲੈ ਲਿਆ ਅਰ

-੧੨੪-