ਪੰਨਾ:ਬਿਜੈ ਸਿੰਘ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤਰੇ ਵਿਚ ਪਾਯਾ ਹੈ। ਮੋਹ ਦਾ ਜੋਸ਼ ਉਠਣ ਦੀ ਥਾਂ ਕ੍ਰੋਧ ਨੇ ਦੀਵਾਨ ਜੀ ਦੇ ਸਿਰ ਚੜ੍ਹ ਕੇ ਇਉਂ ਬੁਲਾਇਆ:-‘ਦੁਸ਼ਟਾ! ਨਿੱਜ ਜੰਮਦੋਂ, ਔਤ ਮਰ ਜਾਂਦੀ ਤੇਰੀ ਮਾਂ ਜਾਂ ਤੇਰੇ ਹੋਣ ਤੋਂ ਪਹਿਲਾਂ ਮਰ ਜਾਂਦਾ ਮੈਂ ਐਸ ਉਮਰਾ ਵਿਚ ਮੈਨੂੰ ਇਹ ਸੱਲ ਦਿਖਾਇਆ ਹਈ।ਤੇਰਾ ਸੱਯਾਨਾਸ!’

ਦੀਵਾਨ ਜੀ ਨੇ ਅਜੇ ਖ਼ਬਰ ਨਹੀਂ ਕਿੰਨਾ ਕੁ ਜ਼ਹਿਰ ਉਗਲਨਾ ਸੀ ਕਿ ਅਚਾਨਕ ਨਵਾਬ ਸਾਹਿਬ ਦਾ ਸੱਦਾ ਆ ਗਿਆ। ਬੜੀ ਛੇਤੀ ਉਠੇ ਦੀਵਾਨਖਾਨੇ ਵਿਚ ਜਾ ਕੇ ਕਪੜੇ ਪਹਿਨ ਕੇ ਨਵਾਬ ਸਾਹਿਬ ਵਲ ਗਏ। ਏਧਰ ਮਮਤਾ ਦੀ ਮਾਰੀ ਮਾਂ ਨੇ ਉਠਕੇ ਪੁੱਤਰ ਨੂੰ ਗਲ ਲਾਇਆ ਅਰ ਛਾਤੀ ਨਾਲ ਸਿਰ ਲਾ ਕੇ ਬਹਿ ਗਈ ਤੇ ਫੁੱਟ ਫੁੱਟ ਕੇ ਰੋਈ। ਭੈਣਾਂ ਬੀ ਆ ਚੰਬੜੀਆਂ ਤੇ ਰੋਣ ਲਗ ਪਈਆਂ। ਸਿੰਘ ਹੁਰਾਂ ਦੇ ਹਿਰਦੇ ਵਿਚ ਜਿਥੇ ਪਿਉ ਦੇ ਗੁੱਸੇ ਦਾ ਕੋਈ ਅਸਰ ਨਾ ਸੀ ਹੋਇਆ ਉਥੇ ਮਾਤਾ ਤੇ ਭੈਣ ਭਰਾਵਾਂ ਦਾ ਪਿਆਰ ਪੂਰੇ ਜ਼ੋਰ ਨਾਲ ਅਸਰ ਕਰਦਾ ਸੀ, ਪਰ ਸੱਚੇ ਧਰਮ ਨਾਲ ਪੂਰਤ ਹਿਰਦੇ ਵਿਚ ਇਸ ਮੋਹ ਦੇ ਨੇ ਠੱਗ ਜਾਦੂ ਲੈਣ ਵਾਲਾ ਅਸਰ ਨ ਪੈਦਾ ਕੀਤਾ। ਕੁਛ ਚਿਰ ਮਗਰੋਂ ਪੁੱਛਣ ਲੱਗੇ, ‘ਮਾਂ ਜੀ! ਤੁਸੀਂ ਕਿਉਂ ਵਿਰਲਾਪ ਕਰਦੇ ਹੋ?

ਮਾਂ-ਬੱਚਾ! ਤੇਰੇ ਸਿੱਖ ਹੋ ਜਾਣ ਕਰ ਕੇ।

ਪੁੱਤ੍ਰ-ਕੀ ਸਿੱਖ ਹੋਣਾ ਪਾਪ ਹੈ?

ਮਾਂ-ਨਹੀਂ ਕਾਕਾ ਪਾਪ ਕਾਹਦਾ ਹੈ, ਸਗੋਂ ਭਲੀ ਗੱਲ ਹੈ।

ਪੁੱਤ੍ਰ-ਹੋਰ ਕੁਛ ਐਬ ਹੈ?

ਮਾਂ-ਨਹੀਂ ਕਾਕਾ! ਉੱਤਮ ਗੱਲ ਹੈ,ਜੋ ਗੁਣ ਤੇਰੇ ਵਿਚ ਗੁਰੂ ਮਹਾਰਾਜ ਦੀ ਬਾਣੀ ਪੜ੍ਹ ਕੇ ਪੈ ਗਏ ਹਨ ਉਹ ਸਾਰੇ ਟੱਬਰ ਵਿੱਚੋਂ ਕਿਸੇ ਵਿਚ ਭੀ ਨਹੀਂ ਹਨ। ਤੂੰ ਜਦ ਪਾਠ ਕਰਦਾ ਹੁੰਦਾ ਸੈਂ ਤਾਂ ਮੇਰੇ ਮਨ ਨੂੰ ਬੜਾ ਪਿਆਰਾ ਲੱਗਦਾ ਸੈਂ। ਮੈਂ ਤਾਂ ਜਾਣਦੀ ਹਾਂ ਕਿ ਇਸ ਘਰ ਵਿਚ ਜੋ ਭਾਗ ਹੈ ਤੇਰੇ ਹੀ ਚਰਨਾਂ ਦੀ ਖ਼ੈਰ ਖ਼ਰੋਤ ਹੈ। ਜਿਸ ਦਿਨ ਦਾ ਤੂੰ ਜੰਮਿਆ ਹੈਂ ਉਸ ਦਿਨ ਦੀ ਚਹਿਲ ਪਹਿਲ ਹੈ ਤੇ (ਇਹ ਕਹਿ ਕੇ ਨੂੰਹ ਨੂੰ ਗਲ ਲਾ ਲਿਆ) ਜਿਸ ਦਿਨ ਦੀ ਇਹ ਪਿਆਰੀ ਸੁਘੜ ਸਾਡੇ ਘਰ ਆਈ ਹੈ

-੭-