ਪੰਨਾ:ਬਿਜੈ ਸਿੰਘ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਦਿਲ ਨੂੰ ਪੀੜ ਹੈ ਕਿ ਸਿਰ ਨੂੰ। ਕੋਈ ਪਹਿਰ ਦਿਨ ਚੜ੍ਹੇ ਮਗਰੋਂ ਬੇਗਮ ਨੂੰ ਨੀਂਦ ਪੈ ਗਈ। ਸ਼ੁਕਰ ਹੈ ਕਿ ਵਿਚਾਰੀਆਂ ਵਾਸ਼ਨਾ ਜੋ ਇਸ ਦੇ ਤਪਤ ਹਿਰਦੇ ਵਿਚ ਭੱਠੀ ਦੇ ਦਾਣਿਆਂ ਵਾਂਙ ਤੜਫਣੀਆਂ ਲੈ ਰਹੀਆਂ ਸਨ, ਸ਼ਾਂਤਿ ਹੋਈਆਂ ਅਰ ਉਨ੍ਹਾਂ ਨੂੰ ਚਉ ਕਰਕੇ ਬੈਠਣਾ ਮਿਲਿਆ।ਕੋਈ ਲੌਢੇ ਪਹਿਰ ਜਾਗ ਖੁਲ੍ਹੀ। ਬੇਗਮ ਉਂਝ ਤਾਂ ਵੱਲ ਸੀ, ਪਰ ਕਮਜ਼ੋਰ ਹੋ ਗਈ, ਜਿੱਕਰ ਕੋਈ ਤਾਪ ਦੇ ਰੋਗੋਂ ਉਠਦਾ ਹੈ।

੧੯. ਕਾਂਡ।

ਬੇਗਮ ਨੂੰ ਆਰਾਮ ਦਾ ਸੌਣਾ, ਬੇਫ਼ਿਕਰੀ ਦਾ ਖ਼ਾਣਾ, ਅਚਿੰਤਤਾਈ ਵਿਚ ਹੱਸਣਾ ਸਭ ਭੁੱਲ ਗਿਆ। ਦਿਲ ਦੀ ਹੈਂਕੜ ਤੇ ਆਕੜ ਤਾਂ ਭਿਖਾਰੀ ਖ਼ਾਂ ਵਾਲਾ ਦੰਡ ਦੇਣ ਨੂੰ ਕਦੇ ਉੱਮਲ ਪੈਂਦੀ, ਪਰ ਇਥੇ ਡੂੰਘਾ ਪਿਆਰ ਸੀ, ਜੋ ਉਹ ਜੋਸ਼ ਆਪ ਮੋੜਾ ਖਾ ਜਾਂਦਾ। ਨਾਲੇ ਅੱਗੇ ਭਿਖਾਰੀ ਖਾਂ ਨੂੰ ਮਰਵਾ ਦੇਣ ਨਾਲ ਢੇਰ ਬਦਨਾਮੀ ਹੋ ਚੁਕੀ ਸੀ,ਇਸ ਗੱਲ ਤੋਂ ਬੀ ਡਰਦੀ ਹੁਣਜੋੜਾਂ ਤੋੜਾਂ ਤੇ ਟੇਢੀਆਂ ਚਾਲਾਂ ਦੀ ਸੋਚ ਵਿਚ ਰਹਿੰਦੀ ਸੀ। ਅੰਤ ਬੇਗਮ ਨੇ ਇਹ ਚਾਲ ਚੱਲੀ ਕਿ ਸ਼ੀਲ ਕੌਰ ਨੂੰ ਇਕ ਤੰਗ ਕੋਠੜੀ ਵਿਚ ਚੁਪੀਤੇ ਹੀ ਕੈਦ ਕਰ ਦਿੱਤਾ। ਨਿਆਣਾ ਬਾਲਕ, ਮਾਂ ਦਾ ਵੇਲੇ ਕੁਵੇਲੇ ਦਾ ਸਹਾਈ ਨਾਲ ਕੈਦ ਹੋਇਆ।

ਕੋਠੜੀ ਦੇ ਬਾਹਰ ਪਹਿਰਾ ਰਹਿੰਦਾ ਹੈ। ਇਕ ਦਿਨ ਸਵੇਰੇ ਪਾਠ ਗੋਲੀ ਆਈ, ਜਿਸ ਦੇ ਮਗਰੋਂ ਸ਼ੀਲ ਕੌਰ ਦੇ ਕਮਰੇ ਵਿਚ ਇਕ ਹੱਥ ਵਿਚ ਦੋ ਸੁੰਦਰ ਕੌਲ ਸਨ; ਸ਼ੀਲ ਕੌਰ ਦੇ ਅੱਗੇ ਧਰਕੇ ਬੋਲੀ : ਕਿ ਇਹ ਦੋਵੇਂ ਆਪ ਦੀ ਨਜ਼ਰ, ਇਕ ਆਪ ਪੀ ਲਓ ਤੇ ਇਕ ਬਰਖ਼ੁਰਦਾਰ ਨੂੰ ਪਿਲਾ ਦਿਓ।

ਸ਼ੀਲਾ-ਇਸ ਵਿਚ ਕੀ ਹੈ?

ਗੋਲੀ-ਹੁਕਮ ਤਾਂ ਨਹੀਂ ਦੱਸਾਂ ਪਰ ਤੁਹਾਡੇ ਹਸਾਨਾਂ ਦੀ ਲੱਦੀ ਹੋਈ ਸਿਰ ਪੱਟਣ ਜੋਗੀ ਨਹੀਂ; ਦੱਸਦੀ ਹਾਂ ਤਾਂ ਦੋਸ਼ ਹੈ, ਨਹੀਂ ਦੱਸਦੀ ਤਾਂ ਕ੍ਰਿਤਘਣ ਬਣਦੀ ਹਾਂ। ਹਾਇ! ਮੈਂ ਦੱਸੇ ਬਿਨਾਂ ਰਹਿ ਵੀ ਨਹੀਂ ਸਕਦੀ

-੧੩੭-