ਪੰਨਾ:ਬਿਜੈ ਸਿੰਘ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਂ ਦਾ ਉਪਦੇਸ਼ ਬੱਚੇ ਦੇ ਦਿਲ ਵਿਚ ਘਰ ਕਰ ਗਿਆ। ਗੌਲੀ ਪਾਸ ਬੈਠੀ ਬਿਟਰ ਬਿਟਰ ਤੱਕ ਰਹੀ ਹੈ। ਮਾਂ ਪੁੱਤ ਨੇ ਗਟ-ਗਟ ਕਰਕੇ ਪਿਆਲੇ ਪੀ ਲਏ, ਗੋਲੀ ਦੀ ਚਰਨੀਂ ਹੱਥ ਲਾਕੇ ਕਿਹਾ ਕਿ ਪਤੀ ਜੀ ਨੂੰ ਕਿਸੇ ਤਰ੍ਹਾਂ ਸੁਨੇਹਾ ਪੁਚਾ ਦੇਈਂ ਕਿ ਅਸੀਂ ਹੁਣ ਸੰਸਾਰ ਪਰ ਨਹੀਂ ਹਾਂ ਤੇ ਤੁਸੀਂ ਆਪਣਾ ਆਪ ਲੈ ਕੇ ਤਿਲਕ ਜਾਓ ! ਗੋਲੀ ਹੱਕੀ ਬੱਕੀ ਪੱਥਰ ਮੂਰਤੀ ਹੋਈ ਦੁਹਾਂ ਦੇ ਚਰਨਾਂ ਉਤੇ ਮੱਥਾ ਟੇਕ ਕੇ ਵਿਦਾ ਹੋਈ ਤੇ ਮਾਂ ਪੁੱਤ ਪਾਠ ਕਰਨ ਲੱਗ ਪਏ।

ਪਲ ਕੁ ਮਗਰੋਂ ਬੇਗਮ ਆ ਪਹੁੰਚੀ। ਸ਼ੀਲਾ ਨੇ ਇਕ ਤੀਲਾ ਅੱਗੇ ਕਰਕੇ ਕਿਹਾ-ਭੈਣ ਜੀ! ਏਥੇ ਹੋਰ ਕੁਝ ਨਹੀਂ ਜੋ ਆਪ ਨੂੰ ਬੈਠਣ ਵਾਸਤੇ ਦੋਵਾਂ। ਬੈਠੀਏ, ਜੀ ਆਇਆਂ ਨੂੰ ਮੇਰੇ ਸਿਰ ਮੱਥੇ, ਧੰਨ ਭਾਗ ਤੁਸਾਂ ਦਰਸ਼ਨ ਦਿੱਤੇ।

ਬੇਗਮ-ਸ਼ੀਲ ਕੌਰ! ਤੂੰ ਡਾਢਾ ਠੰਢਾ ਘੜਾ ਹੈਂ, ਮੈਂ ਸੁਣਿਆ ਹੈ ਕਿ ਤੇਰੇ ਪਤੀ ਨੇ ਤੈਨੂੰ ਜ਼ਹਿਰ ਦੇ ਦਿੱਤੀ ਹੈ, ਮੇਰੇ ਤੇ ਹੱਥਾਂ ਦੇ ਤੋਤੇ ਉੱਡ ਗਏ ਹਨ। ਦੌੜੀ ਆਈ ਹਾਂ, ਕਿਸ ਗੱਲੇ ਤੇਰੇ ਨਾਲ ਧਰੋਹ ਕੀਤਾ ਸੀ ? ਮੈਨੂੰ ਤਾਂ ਤੇਰੀ ਕੈਦ ਦਾ ਪਤਾ ਬੀ ਹੁਣ ਲਗਾ ਹੈ, ਮੇਰੇ ਅੱਗੇ ਬਿਜੈ ਸਿੰਘ ਟਾਲੇ ਕਰਦਾ ਰਿਹਾ ਹੈ, ਮੈਂ ਪੁੱਛਾਂ ਕਿੱਥੇ ਹੈ ਤਦ ਕਹਿ ਛੱਡੋ ਕਿ ਸ਼ਹਿਰ ਵਿਚ ਗਈ ਹੈ। ਮੈਂ ਭੋਲੀ ਕੀ ਜਾਣਾਂ? ਅੱਜ ਪਤਾ ਲੱਗਾ ਜੋ ਉਸ ਦਾ ਦਿਲ ਇਕ ਗੋਲੀ ਨੇ ਭਰਮਾ ਲਿਆ ਹੈ ਤੇ ਉਸਦੇ ਬਦਲੇ ਤੁਹਾਨੂੰ ਮਾਰਦਾ ਹੈ। ਪਰ ਤੂੰ ਘਾਬਰ ਨਹੀਂ, ਮੈਂ ਹਕੀਮ ਨੂੰ ਸੱਦਿਆ ਹੈ; ਹੁਣੇ ਤੁਹਾਡਾ ਇਲਾਜ ਕਰਦਾ ਹੈ। (ਅੱਖਾਂ ਵਿਚ ਹੰਝੂ) ਪਿਆਰੀ ਭੈਣ! ਤੂੰ ਚਿੰਤਾ ਨਾ ਕਰ, ਮੈਂ ਤੇਰਾ ਵਾਲ ਵਿੰਗਾ ਨਹੀਂ ਹੋਣ ਦੇਣਾ।

ਸ਼ੀਲ ਕੌਰ-ਭੈਣ ਜੀ! ਹਕੀਮਾਂ ਦੀ ਲੋੜ ਨਹੀਂ, ਨਾ ਹੀ ਪਤੀ ਜੀ ਨੇ ਮੈਨੂੰ ਜ਼ਹਿਰ ਦਿੱਤੀ ਹੈ; ਇਹ ਫਲ ਤਾਂ ਮੇਰੇ ਹੀ ਖੋਟੇ ਕਰਮਾਂ ਦਾ ਹੈ। ਇਹ ਪ੍ਰਭੂ ਦਾ ਭਾਣਾ ਹੈ ਜੋ ਖੁਸ਼ੀ ਨਾਲ ਝੱਲਣਾ ਹੈ। ਤੁਹਾਨੂੰ ਮੈਂ ਭੈਣ ਕਿਹਾ ਸੀ, ਸੋ ਸ਼ੁਕਰ ਹੈ ਕਿ ਅੰਤ ਤਕ ਮੇਰੀ ਵਲੋਂ ਨਿਭ ਗਿਆ। ਜੇ ਕੋਈ ਮੇਰੀ ਭੁੱਲ ਚੁੱਕ ਹੋਵੇ ਤਾਂ ਬਖ਼ਸ਼ਣੀ।

-੧੪੦-