ਪੰਨਾ:ਬਿਜੈ ਸਿੰਘ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਣਨਾ ਚਾਹੀਏ।

ਬੇਗਮ—ਹੇ ਕੋਰੜ ਮੋਠ! ਅਭਿੱਜ ਪੱਥਰ! ਮੁਲਾਣਿਆਂ ਵਾਂਗ ਵਾਇਜ਼ਾਂ ਨਾ ਸੁਣਾ; ਏਹ ਦਿਨ ਮੁੜ ਨਹੀਂ ਆਉਣੇ। ਪਿੱਛੋਂ ਇਹੋ ਪਛਤਾਵਾ ਪੱਲੇ ਰਹਿ ਜਾਂਦਾ ਹੈ ਕਿ ਜ਼ਿੰਦਗੀ ਦੇ ਸੁਹਣੇ ਸੁਹਣੇ ਦਿਨ ਧਰਮ ਦੇ ਡਰ ਕਰ ਕੇ ਗੁਆ ਲਏ।

ਸਿੰਘ-ਹੇ ਪ੍ਰਜਾ ਦੀ ਮਾਤਾ! ਕਾਲ ਬਿਤੀਤ ਹੋ ਰਿਹਾ ਹੈ ਜੇ ਧਰਮ ਵਿਚ ਬੀਤੇ ਤਦ ਬੀ ਜੇ ਅਧਰਮ ਵਿਚ ਬੀਤੇ ਤਦ ਬੀ; ਮਨ ਦੀਆਂ ਮੌਜਾਂ ਮਾਣਨ ਵਿਚ ਬੀਤੇ ਤਦ ਬੀ, ਨਾ ਮਾਣਨ ਵਿਚ ਬੀਤੇ ਤਦ ਬੀ; ਹਾਂ ਕਾਲ ਨੇ ਬੇਪ੍ਰਵਾਹ ਆਪਣੇ ਨਿਯਮਾਂ ਵਿਚ ਤੁਰੇ ਜਾਣਾ ਹੈ। ਪਿੱਛੋਂ ਤਾਂ ਭਲੇ ਕਰਮਾਂ ਦੀ ਖੁਸ਼ੀ ਤੇ ਬਲ ਪੱਲੇ ਰਹਿ ਜਾਂਦਾ ਹੈ ਜਾਂ ਮਾੜਿਆਂ ਦਾ ਪਛੁਤਾਵਾ ਤੇ ਕਮਜ਼ੋਰੀ। ਕਾਲ ਦੇ ਰਥ ਨੂੰ ਭਲਾ ਬੁਰਾ ਦੋ ਪਿੰਜ ਹਨ! ਇਨ੍ਹਾਂ ਪਿੰਜਾਂ ਦੀਆਂ ਦੋ ਲੀਹਾਂ ਪੈਂਦੀਆਂ ਜਾਂਦੀਆਂ ਹਨ, ਇਕ ਪਛੁਤਾਵਾ ਇਕ ਪ੍ਰਸੰਨਤਾਈ। ਰਥ ਪਹੀਆਂ ਸਮੇਤ ਲੰਘ ਜਾਂਦਾ ਹੈ, ਪਰ ਲੀਹਾਂ ਰਹਿ ਜਾਂਦੀਆਂ ਹਨ। ਤੁਸੀਂ ਉੱਚੇ ਘਰਾਣੇ ਦੇ ਹੋ। ਮੁਸਲਮਾਨ ਘਰਾਂ ਦਾ ਮੈਨੂੰ ਠੀਕ ਬਹੁ ਨਹੀਂ, ਪਰ ਹਿੰਦੂ ਘਰਾਂ ਵਿਚ ਜਿਨ੍ਹਾਂ ਇਸਤ੍ਰੀਆਂ ਨੂੰ ਰੰਡੇਪੇ ਦਾ ਦੁੱਖ ਪੈ ਜਾਂਦਾ ਹੈ ਓਹ ਸਤਿ ਧਰਮ ਵਿਚ ਬੈਠਕੇ ਉਮਰ ਕੱਟ ਲੈਂਦੀਆਂ ਹਨ; ਉਨ੍ਹਾਂ ਨੂੰ ਬੇਬੇ ਜੀ ਕਰਕੇ ਸਦਦੇ ਹਨ ਅਰ ਚੰਗਾ ਸਤਿਕਾਰ ਕਰਦੇ ਹਨ, ਪਰ ਜੇ ਇਸਤ੍ਰੀਆਂ ਮਨ ਦੀਆਂ ਖੱਟੀਆਂ ਵਾਸ਼ਨਾਂ ਦੇ ਮਗਰ ਲੱਗ ਕੇ ਅੱਗੇ ਪਿੱਛੇ ਦੀ ਸੋਚ ਛੱਡ ਦਿੰਦੀਆਂ ਹਨ, ਉਨ੍ਹਾਂ ਨੂੰ ਕੋਈ ਮੱਥੇ ਨਹੀਂ ਲਾਉਂਦਾ। ਜਿਨ੍ਹਾਂ ਪਾਪੀਆਂ ਨੂੰ ਉਹ ਭੁਲੇਖੇ ਵਿਚ ਫਸ ਕੇ ਸੱਜਣ ਜਾਣ ਬੈਠਦੀਆਂ ਹਨ ਓਹ ਨਾਲ ਨਹੀਂ ਨਿਭਦੇ। ਉਸ ਸਮੇਂ ਉਹਨਾਂ ਵਿਚਾਰੀਆਂ ਨੂੰ ਪਤਾ ਲੱਗਦਾ ਹੈ ਕਿ ਅਸਾਂ ਭੁੱਲ ਕੀਤੀ ਤੇ ਸਿਆਣਿਆਂ ਦੀ ਸਿਯਾਂ ਨਾ ਮੰਨੀ ਤੇ ਮਨ ਦੇ ਵੇਗ ਦੇ ਮਗਰ ਲੱਗੀਆਂ ‘ਫਿਰ ਪਛੁਤਾਏ ਕਿਆ ਹੋਇ ਜਬ ਚਿੜੀਆਂ ਚੁਗ ਗਈ ਖੇਤ। ਸਿਆਣੇ ਦੇ ਕਹੇ ਤੇ ਆਉਲੇ ਦੇ ਖਾਧੇ ਉਪਦੇਸ਼।