ਪੰਨਾ:ਬਿਜੈ ਸਿੰਘ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਬਾਸ਼ ਹੀ ਮੂੰਹੋਂ ਨਿਕਲਦੀ ਹੈ। ਐਤਨੀ ਭਾਰੀ ਲਾਲਚ ਦੀ ਦਸ਼ਾ ਵਿਚ ਦ੍ਰਿੜੁ ਖੜੇ ਹਨ ਤੇ ਮਤ ਉੱਜਲ ਰੱਖੀ ਹੋਈ ਹੈ। ਨਾ ਡੋਲਦੇ ਹਨ, ਨਾ ਬੁੱਧੀ ਦੀਆਂ ਅੱਖਾਂ ਮੀਟਦੇ ਹਨ। ਅੱਜ ਕਲ ਸੁਹਣੀ ਸੂਰਤ ਵੇਖ ਕੇ ਹੀ ਲੋਕੀਂ ਧਰਮ ਹਾਰ ਰਹੇ ਹਨ। ਵਲੈਤ ਦੀ ਸੈਰ ਕਰਨ ਗਏ ਗੋਰੀਆਂ ਨਾਲ ਚਮੋੜ ਲਿਆਉਂਦੇ ਹਨ, ਘਰ ਦੀਆਂ ਪਈਆਂ ਪਿੱਟਦੀਆਂ ਹਨ। ਲਾਲਚ ਤੇ ਡਿੱਗਣਾ ਕੀ? ਨੀਯਤ ਭੁੱਖੇ ਬਾਲਕ ਵਾਂਙ, ਚਿੱਟੇ ਚਮੜੇ ਪੁਰ ਹੀ ਭਿਬਕੇ ਫਿਰਦੇ ਹਨ। ਸ਼ਾਹੂਕਾਰ ਸਰਦਾਰਾਂ ਵਲ ਦੇਖੋ ਤਾਂ ਕਮਾਈ ਦਾ ਸਾਰਾ ਹਿੱਸਾ ਮਾੜੇ ਥਾਂ ਤੇ ਐਸ਼ਾਂ ਪਰ ਖਰਚ ਕਰ ਕੇ ਗਰੀਬ ਹੁੰਦੇ ਜਾਂਦੇ ਹਨ ਤੇ ਸਰਦਾਰਾਂ ਤੋਂ ਕਾਮੇ ਬਣ ਰਹੇ ਹਨ। ਇਸ ਕਰਕੇ ਸਿੱਖਾਂ ਵਿਚ ਦਿਨੋ ਦਿਨ ਸਰਦਾਰ ਘੱਟ ਦਿੱਸਦੇ ਹਨ, ਕੁਝ ਮਰ ਗਏ ਕੁਝ ਮਾੜੇ ਕੰਮਾਂ ਦੇ ਸ਼ਿਕਾਰ ਹੋ ਗਏ। ਕਈ ਘਰਾਂ ਵਿਚ ਦੇਖ ਸੁੱਖ ਹੈ ਹੀ ਨਹੀਂ। ਉਸ ਦਾ ਕਾਰਣ ਬੀ ਇਹੋ ਹੈ ਕਿ ਪਤੀ ਪਤਨੀ ਦਾ ਪਿਆਰ ਨਹੀਂ ਹੈ, ਘਰ ਦਾ ਸੁੱਖ ਉਡ ਕੇ ਦਰਿਆ ਦੇ ਪੱਥਰਾਂ ਵਾਂਙ ਨਿੱਤ ਦੀ ਰਗੜ ਤੁਰੀ ਚਲਦੀ ਹੈ। ਜਿਸ ਦੰਪਤੀ* ਦਾ ਪਿਆਰ ਨਾ ਹੋਵੇ ਉਨ੍ਹਾਂ ਦੀ ਸੰਤਾਨ ਮਾਤਾ ਪਿਤਾ ਦਾ ਆਦਰ ਕਰਨੇ ਵਾਲੀ ਬਹੁਤ ਘੱਟ ਹੋਇਆ ਕਰਦੀ ਹੈ। ਘਰ ਪਰਮੇਸ਼ੁਰ ਨੇ ਸੁਰਗ ਬਣਾਇਆ ਹੈ, ਪਰ ਮਾੜਿਆਂ ਨੇ ਘਰ ਨੂੰ ਨਰਕ। ਜਿਸ ਪ੍ਰਕਾਰ ਪਤਿਬ੍ਰਤਾ ਇਸਤ੍ਰੀ ਕੁਲ ਦਾ ਚਾਨਣ ਹੁੰਦੀ ਹੈ ਉਸੇ ਤਰ੍ਹਾਂ ਸਤੀ ਬ੍ਰਤ ਪੁਰਖ ਕੁਲ ਦਾ ਦੀਪਕ ਹੁੰਦਾ ਹੈ। ਜੈਸੇ ਇਸਤ੍ਰੀ ਲਈ ਪਤਿਬ੍ਰਤ ਵੈਸੇ ਪੁਰਖ ਲਈ ਸਤੀਬ੍ਰਤ ਧਰਮ ਜ਼ਰੂਰੀ ਹੈ। ਦੋਹਾਂ ਨੂੰ ਆਪੋ ਆਪਣਾ ਧਰਮ ਪਾਲਿਆਂ ਸਾਂਝਾ ਸੁਖ ਵਧਦਾ ਹੈ। ਦੋਵੇਂ ਧਰਮ ਪਾਲਣ ਤਾਂ ਦੋਵੇਂ ਸੁਖੀ, ਘਰ ਸ੍ਵਰਗ ਤੇ ਬੱਚੇ ਚੰਗੇ ਉਠਦੇ ਹਨ। ਵਿਚਾਰ ਦਾ ਹੀ ਤਾਂ ਮਨੁੱਖ ਵਿਚ ਪਸ਼ੂਆਂ ਨਾਲੋਂ ਵਾਧਾ ਹੈ। ਜਿਨ੍ਹਾਂ ਨੇ ਧਰਮ ਦੀ ਵਿਚਾਰ ਛੱਡੀ ਹੈ ਉਹਨਾਂ ਨੇ ਮਨੁੱਖ-ਪੁਣੇ ਨੂੰ ਤਿਆਗਿਆ ਹੈ।

ਹੇ ਖਾਲਸਾ ਜੀ! ਆਪਣੇ ਵੱਡਿਆਂ ਦੇ ਉੱਤਮ ਜੀਵਨਾਂ ਵੱਲ ਦੇਖਕੇ ਉਹਨਾਂ ਦੇ ਪੂਰਨਿਆਂ ਪਰ ਤੁਰੋ। ਧਰਮ ਪਾਲਣ ਨਾਲ ਹੀ ਸੰਸਾਰ


*ਵਹੁਟੀ ਗੱਭਰੂ। ਉਹ ਪੁਰਖ ਜੋ ਆਪਣੀ ਵਹੁਟੀ ਤੋਂ ਬਿਨਾਂ ਹੋਰ ਵੱਲ ਨਾ ਤੱਕੇ।

-੧੪੯-

Page 155

www.sikhbookclub.com