ਪੰਨਾ:ਬਿਜੈ ਸਿੰਘ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਉਂ ਹੀ ਇਹ ਧਾਰ ਨਿਕਲੀ, ਬਿਜੈ ਸਿੰਘ ਨੂੰ ਗਸ਼ ਪੈ ਗਈ। ਇਸ ਵੇਲੇ ਸਭਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਾਫਾ ਘਾਉ ਉੱਤੇ ਰਖ ਕੇ ਜ਼ਖ਼ਮ ਨੂੰ ਹਥਾਂ ਨਾਲ ਘੱਟਿਆ ਅਰ ਇਕ ਦੋ ਸਿੰਘ ਤੁਰਤ ਨੇੜੇ ਦੇ ਪਿੰਡਾਂ ਨੂੰ ਦੌੜੇ। ਕਿ ਪਿੰਡ ਵਿਚੋਂ ਇਕ ਵੈਦ ਮਿਲਿਆ, ਇਸ ਨੇ ਆ ਕੇ ਘਾਉ ਡਿੱਠਾ, ਦਵਾਵਾਂ ਲਈਆਂ, ਵਿਚ ਦਵਾ ਭਰੀ, ਘੁੱਟ ਕੇ ਬੱਧਾ ਪਰ ਲਹੂ ਨਾ ਠਹਿਰੇ! ਵੈਦ ਜੀ ਨੇ ਦੱਸਿਆ ਪਹਿਲੇ ਜਦ ਜ਼ਖ਼ਮ ਲਗਾ ਹੈ ਤਦੋਂ ਛੋਟਾ ਸੀ ਅਰ ਡੂੰਘਾ ਨਹੀਂ ਸੀ। ਲਗੇ ਜ਼ਖ਼ਮ ਨੂੰ ਬੰਨ੍ਹਕੇ ਬਿਜੈ ਸਿੰਘ ਨੇ ਜੋ ਦੌੜ ਭੱਜ ਤੇ ਹੱਦ ਦਰਜੇ ਦੀ ਖੇਚਲ ਕੀਤੀ ਹੈ, ਉਸ ਨਾਲ ਜ਼ਖ਼ਮ ਵਧ ਗਿਆ ਅਰ ਅੰਦਰੋਂ ਨਾੜਾਂ ਟੁੱਟ ਗਈਆਂ ਹਨ, ਦਿਲ ਬਹੁਤ ਨੇੜੇ ਹੈਂ; ਜਿਸ ਵਿਚੋਂ ਲਹੂ ਛੇਤੀ ਬਾਹਰ ਨੂੰ ਜੋਸ਼ ਮਾਰਦਾ ਹੈ, ਮੇਰੀ ਜਾਚੇ ਲਹੂ ਬੰਦ ਹੋਣਾ ਕਠਨ ਹੈ।

ਫੇਰ ਵੈਦ ਜੀ ਨੇ ਸ਼ਿਲਾਜੀਤ ਤੇ ਮੁਮਿਆਈ ਦਿੱਤੀ, ਕੁਝ ਧਾਂਤ ਮਾਰੀ ਹੋਈ ਅੰਦਰ ਲੰਘਾਈ ਜਿਸ ਨਾਲ ਬਿਜੈ ਸਿੰਘ ਨੇ ਅੱਖੀਂ ਖੋਲ੍ਹੀਆਂ, ਲਾਡਲੇ ਪੁੱਤ ਨੂੰ ਗਲ ਨਾਲ ਲਾਇਆ ਅਰ ਐਨੀ ਅਸੀਸ ਦਿੱਤੀ ‘ਬੱਚਾ, ਤੇਰੇ ਧਰਮ ਨੂੰ ਕਦੇ ਲਾਜ ਨਾ ਲੱਗੇ। ਫੇਰ ਉਸ ਦਾ ਮੱਥਾ ਚੁੰਮਿਆ। ਸ਼ੀਲ ਕੌਰ ਇਸ ਵੇਲੇ ਚਰਨ ਘੁੱਟ ਰਹੀ ਸੀ ਅਰ ਫਰਨ ਫਰਨ ਹੋ ਰਹੀ ਸੀ, ਬਦਨ ਵਿਚ ਤਾਕਤ ਨਹੀਂ ਸੀ, ਸਿਰ ਵਿਚ ਜੋਸ਼ ਨਹੀਂ ਸੀ, ਅੱਗਾ ਪਿੱਛਾ ਸਭ ਭੁੱਲ ਗਿਆ, ਹੈਰਾਨੀ ਤੇ ਅਸਚਰਜਤਾਈ ਦੇ ਸਮੁੰਦਰ ਵਿਚ ਡੁੱਬੀ ਹੋਈ ਹੈ। ਪਤੀ ਨੇ ਹੌਲੇ ਜਿਹੇ ਸੈਨਤ ਕਰਕੇ ਗਲ ਨਾਲ ਲਾਇਆ ਅਰ ਕਿਹਾ, ‘ਕਰਤਾਰ ਸ਼ੀਲ ਧਰਮ ਬਖਸ਼ੀ ਰਖੇ। ਫੇਰ ਸਾਰੇ ਸਰਦਾਰਾਂ ਨੂੰ ਬਰੀਕੀ ਜਿਹੀ ਫਤੋ ਗਜਾਈ । ਸ਼ੀਲ ਕੌਰ ਦੇ ਮੂੰਹੋਂ ਸ਼ਹਿਜੇ ਜਿਹੇ ਨਿਕਲਿਆਂ, ‘ਹਾਇ ! ਮੈਂ ਇਕੱਲੀ ਕੀ ਕਰਾਂਗੀ?' ਬਿਜੈ ਸਿੰਘ ਨੇ ਸਮਝ ਲਿਆ, ਬੁਲ੍ਹਾਂ ਵਿਚ ਬੋਲਿਆ:-‘ਗੁਰੂ ਅੰਗ ਸੰਗ', ‘ਗੁਰੂ ਅੰਗ ਸੰਗ' ਫੇਰ ਸਿੰਘ ਜੀ ਨੇ ‘ਜਪੁ ਸੁਣਾਓ’ ਕਿਹਾ। ਸ਼ੀਲ ਕੌਰ ਅੱਥਰੂ ਪੂੰਝਕੇ ਭਾਣੇ ਵਲ ਆਈ ਤੇ ਬੜੀ ਮਧੁਰ ਸੁਰ ਨਾਲ ਜਪੁਜੀ ਦਾ ਪਾਠ ਕਰਨ ਲੱਗ ਪਈ। ਬਿਜੈ ਸਿੰਘ ਜੀ ਅੱਖਾਂ ਮੀਟ ਮਧਮ ਮਧਮ ਸੁਆਸ ਲੈਂਦੇ ਪਏ

-੧੭੩-