ਪੰਨਾ:ਬਿਜੈ ਸਿੰਘ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਪਿੱਠ ਪਰ ਮਾਂ ਦਾ ਸਾਰਾ ਪੀਤਾ ਹੋਇਆ ਦੁਧ ਕੱਢ ਲਿਆਂਦਾ। ਪਿੱਠ ਪਹਿਲੇ ਲਾਲ ਹੋਈ, ਫੇਰ ਉਪਟੀ, ਫੇਰ ਛਾਲੇ ਉਭਰੇ ਤੇ ਕਿਤੇ ਕਿਤੇ ਚਰਬੀ ਨਿਕਲ ਪਈ। ਲਾਡਾਂ ਤੇ ਸੁਖਾਂ ਪਲੋ ਬਹਾਦਰ ਨੇ, ਜਿਸ ਨੇ ਕਦੇ ਓਇ ਨਹੀਂ ਸਹਾਰੀ ਸੀ; ਇਸ ਬਹਾਦਰੀ ਨਾਲ ਸਹਾਰਿਆ ਕਿ ਇਕ ਸਹਾਰਨ ਦੇ ਯਤਨ ਅਰ ਦੂਜੀ ਅਸਹਿ ਪੀੜਾ ਨੇ ਬੇਹੋਸ਼ ਕਰ ਦਿਤਾ ਸਿੰਘਣੀ ਇਸ ਕਸ਼ਟ ਨੂੰ ਦੇਖਕੇ ਪਿੰਜਰੇ ਪਏ ਸ਼ੇਰ ਵਾਂਗ ਤੜਪ ਰਹੀ ਸੀ ਹਰ ਕੋਟੜੇ ਦੇ ਵੱਜਿਆਂ ਕਲੇਜਾ ਉਭਰਕੇ ਮੂੰਹ ਨੂੰ ਆ ਜਾਂਦਾ ਹੈ, ਪਰ ਕੋਈ ਪੇਸ਼ ਨਹੀਂ ਚਲਦੀ। ਚਾਹੁੰਦੀ ਹੈ ਕਿ ਅੱਖਾਂ ਮੀਟ ਲਏ ਅਰ ਕੰਨਾਂ ਵਿਚ ਉਂਗਲਾਂ ਦੇ ਲਏ, ਪਰ ਹਾਏ ਕਿਸਮਤ! ਹੱਥ ਭੀ ਬੱਧੇ ਹੋਏ ਹਨ, ਕੰਨ ਕੌਣ ਹੁੰਦੇ? ਅੱਖਾਂ ਮੀਟਦੀ ਹੈ, ਪਰ ਕੋਟੜੇ ਦੇ ਕੜਾਕੇ ਨਾਲ ਉਬਾਲ ਜਿਹਾ ਸਿਰ ਨੂੰ ਚੜ੍ਹਦਾ ਹੈ ਕਿ ਅੱਖਾਂ ਤਕ ਕੇ ਬੰਦ ਨਹੀਂ ਰਹਿੰਦੀਆਂ। ਸੰਗਮਰਮਰ ਪਰ ਕਣੀਆਂ ਪੈਣ ਵਾਂਗੂੰ ਗਲ੍ਹਾਂ ਪਰ ਹੰਝੂ ਵਗ ਰਹੇ ਹਨ; ਮਾਨੋ ਸਾਰੇ ਸਰੀਰ ਦਾ ਲਹੂ ਦੇਹ ਤੋਂ ਦੁਖੀ ਹੋ ਕੇ ਅੱਖਾਂ ਦੇ ਰਸਤੇ ਵਹਿ ਚਲਿਆ ਹੈ। ਆਹ ਕੇਹੀ ਔਖੀ ਬਿਪਤਾ ਵਿਚ ਗ੍ਰਸੀ ਗਈ ਹੈ।

ਭੁਜੰਗੀ ਵਲ ਦੇਖੋ, ਹਿਲਦੇ ਜਲ ਵਿਚ ਚੰਦ ਦੀ ਮੂਰਤੀ ਵਾਂਗ ਬਰ ਥਰ ਕੰਬ ਰਿਹਾ ਹੈ, ਅੱਖਾਂ ਵਿਚੋਂ ਹੰਝੂਆਂ ਦਾ ਹੜ੍ਹ ਜਾਰੀ ਹੈ, ਅਰ ‘ਹੇ ਗੁਰੂ! ਪਿਤਾ ਦੀ ਰੱਖਿਆ ਕਰ' ਦਾ ਦਰਦਨਾਕ ਸ਼ਬਦ ਐਸਾ ਕਲੇਜਾ ਪਾੜ ਕੇ ਨਿਕਲਦਾ ਹੈ, ਕਿ ਵਿਚਾਰੇ ਦੀ ਪਿੱਘੀ ਬੱਝ ਗਈ ਹੈ, ਸੰਘ ਬੈਠ ਗਿਆ ਹੈ, ਪਿਆਰਾ ਚਿਹਰਾ ਘਟਾਂ ਹੇਠ ਆਏ ਚੰਦ ਵਾਂਗੂੰ ਮੱਧਮ ਪੈ ਗਿਆ ਹੈ, ਪਰ ਰਾਜਮਦ ਵਾਲੇ ਜਰਵਾਣਿਆਂ ਦੇ ਹਿਰਦੇ ਵਿਚ ਰਤਾ ਤਰਸ ਨਹੀਂ ਪੈਂਦਾ, ਬੇਹੋਸ਼ ਹੁੰਦੇ ਹੀ ਕੋਰੜੇ ਬੰਦ ਕੀਤੇ ਗਏ, ਮੁੰਹ ਵਿਚ ਪਾਣੀ ਚੋਇਆ ਗਿਆ। ਪਰ ਬੇਸੁਧੀ ਜੇਹੀ ਸੀ ਤੇਹੀ ਰਹੀ। ਇਸ ਤਰ੍ਹਾਂ, ਹੀ ਚੁਕਕੇ ਲੈਗਏ ਤੇ ਤਿੰਨੇ ਅਡੋ ਅੱਡ ਕੋਠੜੀਆਂ ਵਿਚ ਬੰਦ ਕੀਤੇ ਗਏ। ਜਦ ਰਾਤ ਥੋੜ੍ਹੀ ਜਿਹੀ ਬੀਤੀ ਤਾਂ ਸਿੰਘ ਜੀ ਘੱਟੇ ਵਿਚ ਪੁਠੇ ਦਾਉ ਬੇਹੋਸ਼ ਪਏ ਕੁਝ ਕੁਝ ਹੋਸ਼ ਵਿਚ ਆਏ; ਅੱਖਾਂ ਪੱਟ ਕੇ ਦੇਖਦੇ ਹਨ ਤਾਂ ਕੁਝ ਦਿੱਸਦਾ ਨਹੀਂ, ਸਰੀਰ ਆਕੜ ਗਿਆ ਹੈ, ਕਿਸੇ ਪਾਸੇ ਮੁੜਦਾ ਨਹੀਂ

-੬੮-