ਪੰਨਾ:ਬਿਜੈ ਸਿੰਘ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਪੀਲੀ ਹੋਈ ਹੋਈ ਕ੍ਰਿਸ਼ਨ ਜੀ ਦੇ ਪੀਲੇ ਬਸਤ੍ਰਾਂ ਵਾਂਗ ਗੁਰੂ ਕੇ ਦੁਲਾਰਿਆਂ ਨੂੰ ਸੱਚੇ ਲਾੜੇ ਦੇ ਰੂਪ ਵਿਚ ਲੈ ਆਈ। ਧਰਤੀ ਰੂਪੀ ਘੋੜੀ ਤੇ ਸਵਾਰੀ ਕਰਨੀ ਮਿਲੀ, ਸਿਹਰਿਆਂ ਦੀ ਥਾਂ ਸੰਗਲ ਬੱਧੇ ਗਏ। ਕੈਸੀ ਅਦਭੁਤ ਜੰਞ ਬਣੀ ਹੈ? ਗੀਤ ਐਸ ਵੇਲੇ ਕੌਣ ਗਾਵੇ? ਘੋੜੀਆਂ ਕੌਣ ਪੜ੍ਹੇ?ਖਾਲਸਾ ਜੀ ਆਪ ਹੀ ਸ਼ਬਦ ਗਾਉਣ ਲੱਗ ਪਏ:-

'ਤੇਰਾ ਕੀਆ ਮੀਠਾ ਲਾਗੈ॥ ਹਰਿਨਾਮੁ ਪਦਾਰਥੁ ਨਾਨਕ ਮਾਂਗੈ॥

ਇਹ ਦੇਖ ਕੇ ਤਮਾਸ਼ਾ ਦੇਖਣ ਵਾਲੇ ਹੱਕੇ ਬੱਕੇ ਰਹਿ ਗਏ, ਓਹ ਸੋਚਦੇ ਸਨ ਕਿ ਏਹ ਲੋਕ ਇਸ ਗ੍ਯਾਨਕ ਮੌਤ ਦਾ ਸਾਮ੍ਹਣਾ ਕਰਨੋਂ ਡਰਕੇ ਸ਼ਰਨ ਮੰਗਣਗੇ, ਪਰ ਨਹੀਂ ਜਾਣਦੇ ਸਨ ਕਿ ਏਹ ਗੁਰੂ ਗੋਬਿੰਦ ਸਿੰਘ ਜੀ ਦੇ ਸੂਰੇ ਹਨ, ਭੈ ਕੌਣ ਖਾਏ? ਤੇ ਕੌਣ ਸ਼ਰਨ ਮੰਗੇ।

ਖਾਲਸਾ ਜੀ! ਕਿਆ ਆਪ ਦੇ ਹਿਰਦੇ ਵਿਚ ਆਪਣੇ ਵੱਡਿਆਂ ਦੀ ਇਸ ਨਿਝੱਰ ਬਹਾਦਰੀ ਅਰ ਨਿਸਚੇ ਵੱਲ ਵੇਖ ਕੇ ਕੁਝ ਪ੍ਰੇਮ ਨਹੀਂ ਪੈਦਾ ਹੁੰਦਾ? ਕਿਆ ਬੇਪਰਵਾਹੀ ਰੂਪੀ ਜਿੱਲ੍ਹਣ ਨਾਲ ਦੱਬੇ ਹੋਏ ਹੰਝੂਆਂ ਦੇ ਖੂਹ ਦਾ ਕੜ ਪਾਟਕੇ ਅੱਖਾਂ ਥੀਂ ਪ੍ਰਵਾਹ ਨਹੀਂ ਚਲਦਾ? ਦੇਖੋ ਏਹ ਬਹਾਦਰ ਜੋ ਕਿ ਧੀਰਜ ਤੇ ਨਿਸ਼ਚੇ ਵਿਚ ਗੁੱਤੇ ਹੋਏ, ਪਤਿਤਾ ਇਸਤ੍ਰੀ ਵਾਂਗੂੰ ਸੱਚ ਨਾਲ ਸਤੀ ਹੋਣ ਲਈ ਤਿਆਰ ਸਨ, ਕੈਸੇ ਪੱਕੇ ਸਿੰਘ ਹਨ,ਘਰ ਬਾਰ ਦੌਲਤ ਸਭ ਨੂੰ ਛੱਡਕੇ ਮੌਤਾਂ ਕਬੂਲ ਰਹੇ ਹਨ । ਇਨ੍ਹਾਂ ਦਾ ਇਸ ਬਹਾਦਰੀ ਨਾਲ ਜਿੰਦ ਦੇਣਾ ਬਾਕੀ ਦੇ ਸਾਰੇ ਪੰਥ ਲਈ ਹੌਸਲੇ ਦਾ ਕਾਰਨ ਹੁੰਦਾ ਸੀ ਅਰ ਸਾਰੇ ਜੀਉਂਦੇ ਭਰਾਵਾਂ ਦੇ ਹੌਸਲੇ ਨੂੰ ਹੋਰ ਪੱਕਿਆਂ ਕਰਕੇ ਧਰਮਤ ਸਿਰ ਦੇਣ ਲਈ ਵਧੀਕ ਤਿਆਰ ਕਰਦਾ ਸੀ। ਇਨ੍ਹਾਂ ਕਦੀ ਪਿੱਠ ਨਾ ਦੇਣ ਵਾਲੇ ਹੱਠੀਆਂ ਦੇ ਜੋੜ ਨੇ ਭਾਰਤ ਵਰਸ਼ ਨੂੰ ਮੁਗਲਾਂ ਦੇ ਅੰਤਲੇ ਜ਼ੁਲਮ ਰਾਜ ਤੋਂ ਛੁਡਾਇਆ। ਧੰਨਸਨ ਏਹ ਸਿੰਘ ਬਹਾਦਰ! ਸਤਾਏ ਜਾਂਦੇ, ਪਰ ਹੋਰ ਕਰੜੇ ਹੁੰਦੇ ਸਨ। ਵੱਢੀਦੇ ਸਨ,ਅਰ ਹੋਰ ਵਧਦੇ ਸਨ। ਮੁਕਾਏ ਜਾਂਦੇ ਸਨ ਅਰ ਅਮੁੱਕ ਹੁੰਦੇ ਸਨ। ਮੌਤ ਇਨ੍ਹਾਂ ਪੁਰ ਅੰਮ੍ਰਿਤ ਦਾ ਅਸਰ ਕਰਦੀ ਸੀ। ਤਲਵਾਰ ਦੀ ਆਬਦਾਰ ਧਾਰ ਪੁਰ ਖੇਡਣਾ ਇਨ੍ਹਾਂ ਲਈ ਆਬੇਹਯਾਤ ਦਾ ਪੀਣਾ ਹੁੰਦਾ ਸੀ। ਜਿਉਂ ਜਿਉਂ ਅਕਾਏ ਤੇ ਦੁਖਾਏ ਜਾਂਦੇ

-੮੩-