ਪੰਨਾ:ਬਿਜੈ ਸਿੰਘ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਵਾ ਮਣ* ਦਾਣੇ ਦੇ ਕੇ ਚੱਕੀ ਤੇ ਲਾਓ, ਜੋ ਨਾ ਪੀਹੇ ਤਦ ਕੋਟੜੇ ਮਾਰੋ ਇਹ ਹੁਕਮ ਸਾਰੇ ਸੁਣਾਇਆ ਗਿਆ। ਹੁਣ ਵਿਚਾਰੀਆਂ ਦੇ ਅੱਗੇ ਚੁੱਕੀਆਂ ਲਾਈਆਂ ਗਈਆਂ ਤੇ ਦਾਣੇ ਧਰੇ ਗਏ। ਕਰਤਾਰ ਦਾ ਭਾਣਾ ਸਿਰ ਮੱਥੇ ਤੇ ਮੰਨਕੇ ਅਰਦਾਸਾ ਸੋਧਕੇ ਸਿਰ ਪਈ ਤੇ ਕੱਟਣ ਨੂੰ ਤਿਆਰ ਹੋ ਗਈਆਂ। ਜਿਨ੍ਹਾਂ ਦੇ ਨਿਆਣੇ ਨਾ ਸੇ ਤੇ ਪਿੰਡਾਂ ਦੀਆਂ ਸਨ ਉਹ ਤਾਂ ਦਿਨ ਚੜ੍ਹਦੇ ਤੱਕ ਔਖੀਆਂ ਹੋ ਹਵਾ ਕੇ ਪੀਹਣ ਪੀਹ ਬੈਠੀਆਂ, ਪਰ ਹਾਇ! ਸ਼ਹਿਰਾਂ ਤੋਂ ਅਮੀਰ ਘਰਾਂ ਦੀਆਂ ਸਿੰਘਣੀਆਂ ਲਈ ਇਹ ਬੜਾ ਔਖਾ ਸੀ। ਇਹ ਵਿਚਾਰੀਆਂ ਚੱਕੀ ਪੀਂਹਦੀਆਂ ਹਨ, ਬਾਣੀ ਪੜ੍ਹਦੀਆਂ ਹਨ,ਗੁਰੂ ਗੋਬਿੰਦ ਸਿੰਘ ਜੀ ਦੇ ਕਸ਼ਟਾਂ ਨੂੰ ਸੋਚਦੀਆਂ ਹਨ, ਗੁਰੂ ਤੇਗ ਬਹਾਦਰ ਜੀ, ਗੁਰੂ ਅਰਜਨ ਦੇਵ ਜੀ ਦੇ ਅਸਹਿ ਖੋਦਾਂ ਦੇ ਨਕਸ਼ੇ ਅੱਖਾਂ ਅੱਗੇ ਲਿਆ ਕੇ ਆਪਣੇ ਦੁਖਾਂ ਨੂੰ ਸੁਖ ਸਮਝਕੇ ਸਿਰ ਪਈ ਨੂੰ, ਬਿਤਾਉਂਦੀਆਂ ਹਨ, ਪਰ ਹਾਇ ਡਾਢੇ ਦੀ ਵਗਾਰ! ਹੱਥਾਂ ਨੂੰ ਛਾਲੇ ਬਾਹਾਂ ਵਿਚ ਪਿੰਨ ਪੈ ਰਹੇ ਹਨ, ਮਣ ਮਣ ਦੀ ਬਾਂਹ ਹੋ ਰਹੀ ਹੈ, ਮਾਨੋ ਸਾਰੇ ਸਰੀਰ ਦਾ ਲਹੂ ਇਨ੍ਹਾਂ ਵਿਚ ਆਵੜਿਆ ਹੈ। ਲੱਕ ਥੱਕਕੇ ਸਰੀਰ ਦਾ ਭਾਰ ਚੁੱਕਣੋਂ ਨਾਂਹ ਕਰ ਰਿਹਾਹੈ। ਸੁਹਲ ਸ਼ੀਲ ਕੌਰ ਵਲ ਦੇਖੋ, ਰਾਜ ਘਰ ਦੀ ਪੁਲੀ ਗੋਲੀਆਂ ਜਿਸ ਦੇ ਅੱਗੇ ਹੱਥ ਬੰਨ੍ਹ ਖੜੋਂਦੀਆਂ ਸਨ, ਧਰਮ ਪਿੱਛੇ ਕਿਸ ਅਪਦਾ ਦੇ ਮੂੰਹ ਆ ਗਈ ਹੈ! ਗੋਰੀਆਂ ਗੋਰੀਆਂ ਬਾਹਾਂ ਲਾਲ ਹੋ ਗਈਆਂ ਹਨ, ਚਿਹਰਾ ਮੁਰਝਾ ਗਿਆ। ਜਦੋਂ ਪਿਆਰਾ ਲਾਲ ਮਾਂ ਦੇ ਹੱਥ ਫੜ ਕੇ ਵਾਸਤੇ ਪਾਉਂਦਾ ਹੈ, ‘ਅੰਮਾਂ ਜੀ! ਤੁਸੀਂ ਸਾਹ ਕੱਢ ਲਵੋ ਪਲ ਭਰ, ਮੈਂ ਚੱਕੀ ਫੇਰਦਾ ਹਾਂ।' ਮਾਂ, ਮਮਤਾ ਦੀ ਮਾਰੀ ਮਾਂ, ਐਡਾ ਕਰੜਾ ਕੰਮ ਪੁਤ੍ਰ ਨੂੰ ਕਿੱਕਰ ਦੇਵੇ? ਸਰੀਰ ਬੀ ਥੱਕ ਕੇ ਚੂਰ ਹੋ ਗਿਆ ਹੈ, ਪੁੱਤ੍ਰ ਭੀ ਖਹਿੜਾ ਨਹੀਂ ਛੱਡਦਾ, ਹਾਰ ਕੇ ਹੱਥ ਚੁੱਕ ਲੈਂਦੀ ਹੈ। ਗੁਲਾਬ ਵਰਗਾ ਬਾਲਕ ਮਾਂ ਦੇ ਦੁਖੜੇ ਵੰਡਾਉਂਦਾ ਹੈ, ਪਰ ਹਫ ਹਫਜਾਂਦਾ ਹੈ। ਇਸ ਬਿਪਤਾ ਵਿਚ ਇਨ੍ਹਾਂ ਗੁਰੂ ਦੀਆਂ ਪਿਆਰੀਆਂ ਸਿੰਘਣੀਆਂ ਦਾ ਹਾਲ ਦੇਖੋ ਸੁਣੇ ਦਾ ਬੜਾ ਫਰਕ ਹੈ। ਜੋ ਤ੍ਰੀਮਤ ਤਕੜੀ ਹੈ ਅਰ ਆਪਣੀ ਬਿਪਤਾ ਪੂਰੀ ਕਰ ਚੁੱਕੀ ਹੈ, “ਸਵਾ ਮਣ ਕੱਚੇ ਜੋ ੨੦ ਹੋਰ ਪੱਕੋ ਦੇ ਲਗਪਗ ਹੁੰਦੇ ਸਨ।

-੮੯-