ਪੰਨਾ:ਬਿਜੈ ਸਿੰਘ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਭਾਵੇਂ ਕਿੱਡੀ ਥੱਕ ਗਈ ਹੋਵੇ ਕਿਸੇ ਨਿਰਬਲ ਨੂੰ ਦੁਖੀ ਦੇਖਕੇ ਉਸਦਾ ਹੱਥ ਵਟਾ ਰਹੀ ਹੈ, ਕਿਤੇ ਦੋ ਦੋ ਲੱਗ ਰਹੀਆਂ ਹਨ। ਇਕ ਧੰਮੋ ਨਾਮੇ ਤਕੜੀ ਸਿੰਘਣੀ ਨੇ ਸ਼ੀਲਾ ਨੂੰ ਡਿੱਠਾ ਤੇ ਰੋ ਕੇ ਬੋਲੀ, ‘ਪਿਆਰੀ! ਤੂੰ ਤਾਂ ਸੁੰਦਰੀ ਵਰਗੀ ਜਾਪਦੀ ਹੈਂ, ਹਾਇ! ਉਸ ਧਰਮ ਦੀ ਮੂਰਤੀ ਨੇ ਬੀ ਬੜੇ ਖੇਦ ਪਾਏ ਸਨ ਪਰ ਅੰਤ ਤਕ ਕਦੇ ਨਹੀਂ ਸੀ ਡੋਲੀ। ਉਸ ਨੇ ਕੁਛ ਚਿਰ ਹੋਇਆ ਕਿ ਸਰੀਰ ਤਿਆਗਿਆ ਹੈ। ਸ਼ੀਲ ਕੌਰ ਦਾ ਨਾਲੇ ਇਸਨੇ ਹੱਥ ਵਟਾਇਆ, ਨਾਲੇ ਸੁੰਦਰੀ ਦੀ ਕਥਾ ਸੁਣਾਈ। ਇਸ ਪ੍ਰਕਾਰ ਸਿੰਘਣੀਆਂ ਨੇ ਆਪਣੀ ਮੁਸ਼ੱਕਤ ਤੋਂ ਵਿਹਲੀਆਂ ਹੋ ਕਰਤਾਰ ਅੱਗੇ ਅਰਦਾਸੇ ਸੋਧੇ:-

'ਹੇ ਅਕਾਲ ਪੁਰਖ ਸੁਆਮੀ! ਸਾਨੂੰ ਸਿਦਕ ਬਖਸ਼ਿਓ, ਭਾਵੇਂ ਅਸੀਂ ਸਰੀਰਾਂ ਕਰਕੇ ਅਬਲਾ ਹਾਂ ਪਰ ਮਨ ਸਾਡੇ ਤੁਸਾਂ ਬਲਵਾਨ ਕੀਤੇ ਹਨ ਤੇ ਪਵਿੱਤ੍ਰ ਸਤ ਧਰਮ ਬਖਸ਼ਿਆ ਹੈ। ਤੂੰ ਬਿਰਦ ਦੀ ਲਾਜ ਰੱਖੀਂ। ਅਸੀਂ ਤਸੀਹੇ ਭੋਗੀਏ, ਪਰ ਧਰਮ ਨਾ ਹਾਰੀਏ, ਟੁਕ ਟੁਕ ਵੱਢੀਆਂ ਜਾਈਏ ਪਰ ਮਨੀ ਸਿੰਘ ਵਾਂਗ ਸਿਦਕੋਂ ਮੂੰਹ ਨਾ ਮੋੜੀਏ। ਤੂੰ ਸੱਚ ਅਰ ਪ੍ਰੇਮ ਹੈਂ ਤੇਰੇ ਬਲ ਨਾਲ ਤੇਰੇ ਨਾਮ ਤੋਂ ਸਦਕੇ ਹੋ ਜਾਈਏ। ਜਿੰਦ ਵਾਰੀਏ, ਪਰ ਆਪਣੇ ਇਸ਼ਟ ਤੋਂ ਮੂੰਹ ਨਾ ਮੋੜੀਏ। ਸਭ ਕੁਝ ਜਾਏ ਹੇ ਕਰਤਾਰ! ਸ਼ੀਲ ਧਰਮ ਨਾਂ ਜਾਏ। ਤਲਵਾਰਾਂ ਦੇ ਜੌਹਰ ਚੱਖੀਏ; ਪਰ ਕੱਚ ਤੇ ਝੂਠ ਨਾ ਵਿਹਾਝੀਏ। ਐਸੀਆਂ ਬੇਨਤੀਆਂ ਕਰ ਕਰ ਕਸ਼ਟਾਂ ਨੂੰ ਬਿਤਾਉਂਦੀਆਂ । ਕਦੀ ਤੁਰਕ ਆ ਕੇ ਕੁਝ ਭਰਮਾਉਣ ਦਾ ਜਤਨ ਕਰਦੇ ਜਾਂ ਦਾਬੇ ਧੌਂਸੇ ਦੇਂਦੇ; ਤਦ ਸ਼ੇਰ ਵਾਂਗ ਭਬਕ ਕੇ ਸਿੰਘਣੀਆਂ ਉੱਤਰ ਦਿੰਦੀਆਂ। ਇਸ ਤਰ੍ਹਾਂ ਇਕ ਦਿਨ ਪਰਤਾਵੇ ਲਈ ਇਕ ਡੰਗ ਰੋਟੀ ਬੀ ਬੰਦ ਕਰ ਦਿਤੀ ਗਈ। ਮੁਸ਼ੱਕਤਾਂ ਕਰਨੀਆਂ ਤੇ ਕੈਦਾਂ ਭੋਗਣੀਆਂ, ਉਦੋਂ ਰੋਟੀ ਨਾ ਲੱਝਣੀ!

ਜਿਨ੍ਹਾਂ ਨੇ ਚਾਰ ਚਾਰ ਵੇਲੇ ਰੱਜ ਖਾਧੀਆਂ ਹੋਣ ਅਰ ਹਾਜ਼ਮਿਆਂ ਦੇ ਚੂਰਨ ਤੇ ਸੋਡਾ ਵਾਟਰਾਂ ਨਾਲ ਮਠਿਆਈਆਂ ਨੂੰ ਪਚਾਇਆ ਹੋਵੇ, ਉਨ੍ਹਾਂ


  • ਇਹ ਪੁਸਤਕ ਵੱਖਰੀ ਛਪੀ ਹੋਈ ਹੈ, ਜੋ ਖਾਲਸਾ ਸਮਾਚਾਰ ਅੰਮ੍ਰਿਤਸਰ ਦੇ ਦਫਤਰੋਂ ਨੂੰ ਮਿਲਦੀ ਹੈ

-੯੦-