ਸਮੱਗਰੀ 'ਤੇ ਜਾਓ

ਪੰਨਾ:ਬੋਝਲ ਪੰਡ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

"ਦੁਧ —?" ਨਿਆਮਤ ਆਕਾਸ਼ ਵਲ ਤਕਦਾ ਤਕਦਾ ਵਿਹੜੇ ਵਿਚ ਘੁੰਮਣ ਲਗ ਜਾਂਦਾ। ਕਾਲੀ ਰਾਤ ਦੀ ਸਾਂ ਸਾਂ ਉਹਦੇ ਦਿਲ ਦੇ ਪਰਦਿਆਂ ਨੂੰ ਸਾਜ਼ ਦੀਆਂ ਤਾਰਾਂ ਵਾਂਗ ਥੱਰਰਾ ਕਢਦੀ। ਕਿੰਨੇ ਚਿਰ ਮਗਰੋਂ ਉਹ ਪਤਨੀ ਨੂੰ ਕਹਿੰਦਾ।

"ਅਜੇ ਤੇ ਤੜਕੇ ਦਾ ਤਾਰਾ ਵੀ ਨਹੀਂ ਚੜ੍ਹਿਆ। ਸਵੇਰ ਦੂਰ ਹੈ ਅਜੇ। ਸਵੇਰ ਤੋਂ ਪਹਿਲਾਂ ਦੁਧ ਮੂਲ ਵੀ ਨਹੀਂ ਆਂਦਾ ਜਾਏਗਾ।" ਦੂਜੇ ਦਿਨ ਉਹ ਕਣਕ ਵੇਚ ਕੇ ਦੁਧ ਲਿਆਉਂਦਾ — ਮੰਗ ਕੇ ਨਹੀਂ।

++++

ਸਲੀਮਾਂ ਵਡੇਰੀ ਹੋ ਚੁਕੀ ਸੀ। ਉਹ ਅੱਬਾ ਨਾਲ ਪੈਲੀਆਂ ਵਿਚ ਚਲੀ ਜਾਂਦੀ। ਨਿਆਮਤ ਹਲ ਵਾਹੁਣ ਲਗ ਜਾਂਦਾ। ਸਲੀਮਾਂ ਕਿਸੇ ਦਰੱਖਤ ਹੇਠਾਂ ਬੈਠ ਕੇ ਕਦੇ ਗੀਟੇ ਖੇਡਦੀ ਤੇ ਕਦੇ ਢੇਮਾਂ ਏਧਰ ਓਧਰ ਸੁਟਣ ਲਗ ਜਾਂਦੀ। ਕਦੇ ਕੋਲ ਖਲੋਤੇ ਬਾਜਰੇ ਤੇ ਬੈਠੀਆਂ ਚਿੜੀਆਂ ਫੜਨ ਦੌੜਦੀ। ਹਲ ਵਾਹੁੰਦਾ ਨਿਆਮਤ ਬੱਚੀ ਵਲ ਵੇਂਹਦਾ। ਉਹਦੇ ਚਿਹਰੇ ਤੇ ਇਕ ਚਾਓ ਭਖ਼ ਪੈਂਦਾ। ਜੀਕਰ ਥਕੇ ਹੋਏ ਮੁਹਾਣੇ ਨੂੰ ਸਾਹ ਦਿਵਾਉਣ ਲਈ ਬੇੜੀ ਦਾ ਕੋਈ ਮੁਸਾਫ਼ਰ ਉਹਦੀ ਬੇੜੀ ਖੋ ਦੇਵੇ — ਏਵੇਂ ਹੀ ਹਾਰੇ ਹੋਏ ਨਿਆਮਤ ਦੀ ਨਈਆ ਨੂੰ ਸਲੀਮਾਂ ਦਾ ਖੇੜਾ ਪਤਵਾਰ ਦਾ ਕੰਮ ਦੇਂਦਾ ਸੀ। ਜਦੋਂ ਤਿਰਕਾਲਾਂ ਪੈ ਜਾਂਦੀਆਂ ਤਾਂ ਸਲੀਮਾਂ ਆਖਦੀ— "ਅੱਬਾ ਆਥਣ ਹੋ ਗਈ ਹੈ — ਚਲ ਘਰ ਨੂੰ — "।

"ਆਥਣ —" ਇਹ ਅੱਖਰ ਸਲੀਮਾਂ ਦੇ ਮੂੰਹੋਂ ਸੁਣ ਕੇ ਨਿਆਮਤ ਨੂੰ ਝੁਨਝੁਨੀ ਆ ਜਾਂਦੀ। ਉਹ ਹਲ ਥੰਮ ਕੇ, ਮੱਥੇ ਤੋਂ ਉਂਗਲ ਨਾਲ ਮੁੜ੍ਹਕਾ ਪੂੰਝਦਾ, ਡੁੱਬਦੇ ਸੂਰਜ ਵਲ ਤੱਕਣ ਲਗ ਜਾਂਦਾ। ਫੇਰ ਕਿੰਨਾ ਚਿਰ ਖੜੋਤਾ ਖੜੋਤਾ ਬੱਚੀ ਦੇ ਚਿਹਰੇ ਉਤੇ ਝਾਕਦਾ — "ਕਦੇ ਸਵੇਰ ਹੈ — ਲਾਲੀ ਹੈ — ਮਾਸੂਮੀਅਤ ਹੈ — ਖਿੜਨ ਦੀ ਤਾਂਘ ਹੈ — ਠੰਢ ਹੈ ਹੁਲਾਸ ਹੈ — ਸੁਰਜੀਤਤਾ ਹੈ" ਤੇ ਏਕਾ ਏਕੀ ਉਹਦੀ ਨਿਗਾਹ

45