ਸਮੱਗਰੀ 'ਤੇ ਜਾਓ

ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/239

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਮੇਰੀ ਗਿੱਧੇ ਵਿਚ ਤੋਰ ਵੇਖ ਭਾਬੀਏ
ਮੇਰੀ ਝਾਂਜਰ ਦਾ ਬੋਲ ਸੁਣ ਭਾਬੀਏ
ਮੇਰਾ ਕਾਲ਼ਾ ਹੈ ਪਰਾਂਦਾ
ਪਟਿਆਲਿਓਂ ਲਿਆਂਦਾ
ਇਹ ਸਤ ਵਲ ਖਾਂਦਾ
ਇਹਦੀ ਡਿਗ ਪਈ ਡੋਰ ਭਾਬੀਏ
ਮੇਰੀ ਗਿੱਧੇ ਵਿਚ ਦੇਖ ਤੋਰ ਭਾਬੀਏ


ਉੱਚੇ ਟਿੱਬੇ ਮੈਂ ਤਾਣਾ ਤਣਦੀ
ਧਾਗੇ ਟੁੱਟ ਗਏ ਚਾਰ
ਇਕ ਮੇਰੀ ਨਣਦ ਬੁਰੀ
ਨਣਦੋਈਆ ਠਾਣੇਦਾਰ

ਅੰਤੋਂ ਪਿਆਰੀ ਮੈਨੂੰ ਤੂੰ ਮੇਰੀਏ ਨਣਦੇ

ਤੈਥੋਂ ਪਿਆਰਾ ਤੇਰਾ ਵੀਰ
ਨੀ ਜਦ ਗੱਲਾਂ ਕਰਦਾ
ਦੰਦਾਂ ਦਾ ਹੱਸਦਾ ਪੀੜ

ਚੁਲ੍ਹੇ ਪਕਾਵਾਂ ਰੋਟੀਆਂ

ਹਾਰੇ ਰਿੱਧੀ ਖੀਰ
ਨੀ ਛੁਡਾਈਂ ਨਣਦੇ
ਮਾਰੂਗਾ ਤੇਰਾ ਵੀਰ

ਵੀਰ ਮੇਰੇ ਨੇ ਕੁੜਤੀ ਭੇਜੀ

ਵੀਰ ਮੇਰੇ ਨੇ ਕੁੜਤੀ ਭੇਜੀ
ਭਾਬੋ ਨੇ ਫੁਲਕਾਰੀ
ਨੀ ਜੁਗ ਜੁਗ ਜੀ ਭਾਬੋ
ਲੱਗੇਂ ਵੀਰ ਤੋਂ ਪਿਆਰੀ

ਮੈਨੂੰ ਕਹਿੰਦਾ ਦੁਧ ਲਾਹਦੇ

ਮੈਂ ਲਾਹਤੀ ਕਾੜ੍ਹਨੀ ਸਾਰੀ
ਮੈਨੂੰ ਕਹਿੰਦਾ ਖੰਡ ਪਾ ਦੇ
ਮੈਂ ਲੱਪ ਮਿਸ਼ਰੀ ਦੀ ਮਾਰੀ

237 - ਬੋਲੀਆਂ ਦਾ ਪਾਵਾਂ ਬੰਗਲਾ