ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੰਗਲ ਦੇ ਵਿਚ ਰਾਤ ਪਈ ਹੈ

ਚਾਰ ਚੁਫ਼ੇਰੇ ਅੱਗ ਦੀਆਂ ਲਾਟਾਂ।
ਚੀਕਾਂ, ਕੂਕਾਂ ਤੇ ਕੁਰਲਾਟਾਂ।
ਅੱਗ ਦੀ ਲੰਮੀ ਲੀਕ ਨੇ ਵਾਟਾਂ।
ਜੰਗਲ ਦੇ ਵਿਚ ਰਾਤ ਪਈ ਹੈ।

ਪਿੰਡ ਤੇ ਸ਼ਹਿਰ ਬਣੇ ਨੇ ਜੰਗਲ।
ਹਥਿਆਰਾਂ ਦਾ ਹੋਵੇ ਦੰਗਲ।
ਸੋਚਾਂ ਚਾਰ ਚੁਫ਼ੇਰੇ ਸੰਗਲ।

ਹਉਕੇ ਭਰਨ ਰੁੱਖਾਂ ਦੀਆਂ ਛਾਵਾਂ।
ਛਾਤੀ ਬਾਲ ਲੁਕਾਵਣ ਮਾਵਾਂ।
ਸੋਚ ਰਿਹਾਂ ਮੈਂ ਕਿੱਧਰ ਜਾਵਾਂ।

ਜੰਗਲ ਦੀ ਅੱਗ ਫਿਰੀ ਚੁਫ਼ੇਰੇ।
ਲਗਰਾਂ ਪੱਤੇ ਲਾਟਾਂ ਘੇਰੇ।
ਵਧਦੇ ਜਾਂਦੇ ਘੋਰ ਹਨੇਰੇ।

ਕੇਹੇ ਨਿਕਰਮੇ ਫੁੱਲ ਖਿੜ੍ਹੇ ਨੇ।
ਵਿਚ ਬਗੀਚੇ ਸਾਨ੍ਹ ਭਿੜੇ ਨੇ।
ਖੂਹ ਦੇ ਉਲਟੇ ਗੇੜ ਗਿੜੇ ਨੇ।

ਰਾਤ ਬਰਾਤੇ ਸੁੰਨੀਆਂ ਗਲੀਆਂ।
ਖ਼ੂਨ ਦੀ ਮਹਿੰਦੀ ਜ਼ਖ਼ਮੀ ਤਲੀਆਂ।
ਅੱਗ ਵਿਚ ਸੜੀਆਂ ਕੋਮਲ ਕਲੀਆਂ।

ਬੋਲ ਮਿੱਟੀ ਦਿਆ ਬਾਵਿਆ/23