ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਤਿਸ਼-ਬਾਜ਼ ਤਿਆਰੀ ਵਿਚ ਨੇ

ਆਤਿਸ਼-ਬਾਜ਼ ਤਿਆਰੀ ਵਿਚ ਨੇ।
ਆਪੋ ਆਪਣੇ ਹਥਿਆਰਾਂ ਤੇ ਮਾਣ ਬੜਾ ਹੈ।
ਡੌਲਿਆਂ ਤੇ ਵਿਸ਼ਵਾਸ, ਬੰਦੂਕਾਂ ਤਣ ਚੁੱਕੀਆਂ ਨੇ।

ਟੈਂਕਾਂ ਤੋਪਾਂ ਦੀ ਗੜਗੜ ਵੀ,
ਹੋਰ ਘੜੀ ਤੱਕ ਕੰਨ ਪਾੜੇਗੀ।
ਆਤਿਸ਼-ਬਾਜ਼ਾਂ ਦੀ ਇਹ ਹਰਕਤ,
ਦਿਨ ਦੀਵੀਂ ਫਿਰ ਚੰਨ ਚਾੜ੍ਹੇਗੀ।

ਲਾਸ਼ਾਂ ਦੇ ਅੰਬਾਰ ਹੋਣਗੇ।
ਅੰਬਰ ਧਰਤੀ ਖ਼ੂਨ ਰੋਣਗੇ।
ਆਤਿਸ਼-ਬਾਜ਼ ਤਿਆਰੀ ਵਿਚ ਨੇ।

ਵਹੁਟੀਆਂ ਧੀਆਂ ਭੈਣਾਂ ਮਾਵਾਂ।
ਜਿੰਨ੍ਹਾਂ ਦੀਆਂ ਖ਼ਤਰੇ ਵਿਚ ਛਾਵਾਂ।
ਬੈਠੀਆਂ ਨੇ ਮੱਥੇ ਹੱਥ ਧਰਕੇ।
ਮੰਜੇ ਦੀ ਬਾਹੀ ਨੂੰ ਫੜ ਕੇ।

ਨੀਂਦ ਹਰਾਮ ਡਰਾਉਣੀਆਂ ਰਾਤਾਂ।
ਸੂਲਾਂ ਚੋਭਦੀਆਂ ਪ੍ਰਭਾਤਾਂ।
ਟੋਕੇ ਵਾਂਗੂੰ ਟੁੱਕਦੀਆਂ ਸ਼ਾਮਾਂ।
ਨਾ ਵੇ ਰਾਜਿਓ ਲਾਇਓ ਲਾਮਾਂ।

ਬਲ ਮਿੱਟੀ ਦਿਆ ਬਾਵਿਆ/41